
ਅਜਨਾਲਾ 'ਚ ਹੁਣ ਤਕ 6 ਮੌਤਾਂ
ਚੰਡੀਗੜ੍ਹ : ਹਰ ਸਾਲ ਦੀ ਤਰ੍ਹਾਂ ਜਿਵੇਂ ਹੀ ਮੌਸਮ ਬਦਲਦਾ ਹੈ ਤਾਂ ਘਟ ਠੰਢ ਵਿਚ ਪਨਪਣ ਵਾਲਾ ਡੇਂਗੂ ਅਪਦੇ ਪੈਰ ਪਸਾਰ ਲੈਂਦਾ ਹੈ। ਇਸੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਖਾਸ ਕਰ ਕੇ ਮਾਝੇ ਵਿਚ ਡੇਂਗੂ ਨੇ ਵਾਹਵਾ ਹੀ ਪੈਰ ਪਸਾਰ ਲਏ ਹਨ। ਪ੍ਰਸ਼ਾਸਨ ਦੇ 2 ਮਹੀਨੇ ਕੁੰਭਕਰਨੀ ਨੀਂਦ ਸੁੱਤੇ ਰਹਿਣ ਕਾਰਨ ਅਜਨਾਲਾ ਸ਼ਹਿਰ 'ਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਕਾਰਨ 6ਵੀਂ ਮੌਤ ਹੋਣ ਦੀ ਸੂਚਨਾ ਮਿਲੀ। ਮ੍ਰਿਤਕਾ ਸੁਨੀਤਾ ਰਾਣੀ ਪਤਨੀ ਵਿਜੇ ਸ਼ਰਮਾ ਵਾਸੀ ਵਾਰਡ ਨੰ.7 ਨਵੀਂ ਆਬਾਦੀ ਅਜਨਾਲਾ ਦੇ ਪਰਵਾਰਕ ਮੈਂਬਰ ਸ਼ਾਮ ਸੁੰਦਰ ਦੀਵਾਨਾ ਤੇ ਸਤਪਾਲ ਬੱਬੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਡੇਂਗੂ ਵਾਇਰਲ ਦੇ ਕਹਿਰ ਨੇ ਉਨ੍ਹਾਂ ਦੀ ਭਰਜਾਈ ਨੂੰ ਅਪਣੀ ਲਪੇਟ 'ਚ ਲੈ ਲੈਣ ਕਾਰਨ ਅੰਮ੍ਰਿਤਸਰ ਦੇ ਪ੍ਰਸਿੱਧ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਹੋਇਆ ਸੀ, ਜਿਥੇ ਉਸ ਦੀ ਮੌਤ ਹੋ ਗਈ।
Dengue spreads in districts of Punjab
ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਰਾਜ ਪਧਰੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਅਜੇ ਵੀ ਅਜਨਾਲਾ 'ਚ ਕਈ ਗ਼ਰੀਬ ਤੇ ਲੋੜਵੰਦ ਵਿਅਕਤੀ ਇਲਾਜ ਲਈ ਸਰਕਾਰੀ ਪੱਧਰ 'ਤੇ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਪ੍ਰਾਈਵੇਟ ਹਸਪਤਾਲਾਂ 'ਚ ਮਹਿੰਗੇ ਭਾਅ ਇਲਾਜ ਕਰਾਉਣ ਲਈ ਭਟਕ ਰਹੇ ਹਨ। ਜਾਣਕਾਰੀ ਅਨੁਸਾਰ ਅਜਨਾਲਾ 'ਚ ਪਹਿਲਾਂ ਵੀ ਡੇਂਗੂ ਕਾਰਨ 2 ਔਰਤਾਂ ਅਤੇ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
Dengue spreads in districts of Punjab
ਫ਼ਤਿਹਗੜ੍ਹ ਚੂੜੀਆਂ 'ਚ ਡੇਂਗੂ ਦੇ ਸ਼ੱਕੀ ਮਰੀਜ਼ ਮਿਲਣ ਨਾਲ ਲੋਕਾਂ ਵਿਚ ਹਾਹਾਕਾਰ :
ਬੀਤੇ ਕੁਝ ਦਿਨਾਂ ਤੋਂ ਕਸਬਾ ਫ਼ਤਿਹਗੜ੍ਹ ਚੂੜੀਆਂ ਵਿਚ ਡੇਂਗੂ ਦੇ ਸ਼ੱਕੀ ਮਰੀਜ਼ ਮਿਲਣ ਨਾਲ ਲੋਕਾਂ ਵਿਚ ਹਾਹਾਕਾਰ ਮਚ ਗਈ ਹੈ। ਇਸ ਸਬੰਧੀ ਡੇਂਗੂ ਨਾਲ ਪੀੜਤ ਗੁਰਮੁੱਖ ਸਿੰਘ ਪੁੱਤਰ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇਕੋ ਪਰਵਾਰ ਦੇ 4 ਜੀਆਂ ਨੂੰ ਡੇਂਗੂ ਦੀ ਸ਼ਿਕਾਇਤ ਹੋਈ ਹੈ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ, ਜਿਸ ਕਾਰਨ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਡੇਂਗੂ ਬੁਖਾਰ ਨੇ ਜਕੜ ਲਿਆ ਹੈ। ਉਸ ਦਸਿਆ ਕਿ ਉਹ ਫ਼ਤਿਹਗੜ੍ਹ ਚੂੜੀਆਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੈ। ਜਦਕਿ ਉਸ ਦੇ 3 ਪਰਵਾਰਕ ਮੈਂਬਰ ਬਟਾਲਾ ਦੇ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੋਏ ਹਨ ਜਿਥੇ ਉਨ੍ਹਾਂ ਦਾ ਡੇਂਗੂ ਦੇ ਬੁਖ਼ਾਰ ਸਬੰਧੀ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰ ਤੁਰਤ ਚੁਕਾਏ ਜਾਣ ਅਤੇ ਕਸਬੇ ਅੰਦਰ ਮੱਛਰ ਮਾਰਨ ਵਾਲੀ ਦਵਾਈ ਵੀ ਛਿੜਕੀ ਜਾਵੇ ਤਾਂ ਜੋ ਲੋਕ ਇਸ ਭਿਆਨਕ ਬੀਮਾਰੀ ਬਚ ਸਕਣ।
Dengue spreads in districts of Punjab
ਲੁਧਿਆਣਾ 'ਚ ਡੇਂਗੂ ਨੇ 4 ਜਣਿਆਂ ਦੀ ਜਾਨ ਲਈ :
ਸ਼ਹਿਰ 'ਚ ਡੇਂਗੂ ਦੇ ਕਹਿਰ ਕਾਰਨ ਹੁਣ ਤਕ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 31 ਸਾਲਾ ਪੂਜਾ ਦੀਪਕ ਹਸਪਤਾਲ 'ਚ ਭਰਤੀ ਸੀ, ਜਦੋਂ ਕਿ 4 ਸਾਲਾ ਰੂਬਲ ਲੁਧਿਆਣਾ ਮੈਡੀਵੇਜ ਹਸਪਤਾਲ 'ਚ, 5 ਸਾਲਾ ਰਾਹੁਲ ਮੋਹਨਦੇਈ ਓਸਵਾਲ ਹਸਪਤਾਲ 'ਚ ਅਤੇ 4 ਸਾਲਾ ਪ੍ਰਗਤੀ ਐਸ.ਪੀ. ਐਸ. ਹਸਪਤਾਲ 'ਚ ਦਾਖ਼ਲ ਸੀ। ਸ਼ਹਿਰ ਦੇ ਮੁੱਖ ਹਸਪਤਾਲਾਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 800 ਤੋਂ ਪਾਰ ਹੋ ਗਈ ਹੈ, ਜਦੋਂ ਕਿ ਬਾਕੀ ਵਿਭਾਗ ਨੇ ਹੁਣ ਤਕ ਕਰੀਬ 110 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਰਮੇਸ਼ ਭਗਤ ਨੇ ਦਸਿਆ ਕਿ ਇਨ੍ਹਾਂ ਚਾਰ ਮੌਤਾਂ ਦੀ ਸੂਚਨਾ ਹੁਣ ਤਕ ਸਿਹਤ ਵਿਭਾਗ ਦੇ ਕੋਲ ਨਹੀਂ ਪੁੱਜੀ ਹੈ ਅਤੇ ਉਹ ਹਸਪਤਾਲਾਂ ਤੋਂ ਮਰੀਜ਼ਾਂ ਦੀ ਰਿਪੋਰਟ ਮੰਗਵਾ ਲੈਣਗੇ।
Dengue spreads in districts of Punjab
ਡੇਂਗੂ ਕਾਰਨ ਵੇਰਕਾ 'ਚ ਇਕ ਦੀ ਮੌਤ ਇਕ ਹਸਪਤਾਲ ਦਾਖ਼ਲ :
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉਤਰੀ 'ਚ ਆਉਂਦੇ ਇਲਾਕੇ 'ਚ ਫ਼ਰੈਂਡਜ਼ ਐਵੇਨਿਊ ਮਜੀਠਾ ਰੋਡ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਡੇਂਗੂ ਦੀ ਬੀਮਾਰੀ ਨਾਲ ਮੌਤ ਹੋ ਗਈ। ਉਥੇ ਹੀ ਡੇਂਗੂ ਤੋਂ ਪੀੜਤ ਮੁਸਤਫ਼ਾਬਾਦ ਬਟਾਲਾ ਰੋਡ ਦੇ ਵਸਨੀਕ ਇਕ ਨੌਜਵਾਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।