
ਨਵੀਂ ਸਿਟ ਗਠਿਤ ਕਰਨ ਦੇ ਹੁਕਮ, ਤਿੰਨ ਮਹੀਨਿਆਂ 'ਚ ਦੇਣੀ ਹੋਵੇਗੀ ਰਿਪੋਰਟ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਮੌੜ ਮੰਡੀ ਚ ਕਾਂਗਰਸੀ ਉਮੀਦਵਾਰ ਦੇ ਜਲਸੇ ਮੌਕੇ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸੇਸ਼ ਜਾਂਚ ਟੀਮ ਅੱਜ ਹਾਈ ਕੋਰਟ ਨੇ ਭੰਗ ਕਰ ਦਿੱਤੀ ਹੈ। ਇਸ ਦੀ ਅਗਵਾਈ ਰਣਬੀਰ ਸਿੰਘ ਖਟੜਾ ਕਰ ਰਹੇ ਸਨ। ਹਾਈ ਕੋਰਟ ਨੇ ਹੁਣ ਇਸ ਮਾਮਲੇ ਦੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕਰਨ ਦੇ ਹੁਕਮ ਦਿੱਤੇ ਹਨ। ਜਿਸ ਬਾਰੇ ਪੰਜਾਬ ਦੇ ਡੀਜੀਪੀ ਲਾਅ ਐਂਡ ਆਰਡਰ ਨੂੰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਨਵੀਂ ਟੀਮ ਬਣਾਉਂਦੇ ਹੋਏ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Punjab Haryana High court
ਨਾਲ ਹੀ ਇਹ ਵੀ ਉਚੇਚੀ ਤਾਕੀਦ ਕੀਤੀ ਗਈ ਹੈ ਕਿ ਨਵੀਂ ਗਠਿਤ ਕੀਤੀ ਜਾਣ ਵਾਲੀ ਐਸਆਈਟੀ ਦੀ ਅਗਵਾਈ ਇੰਸਪੈਕਟਰ ਜਨਰਲ (ਆਈਜੀ) ਜਾਂ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰੈਂਕ ਦੇ ਅਧਿਕਾਰੀ ਦੇ ਹੱਥ ਹੋਵੇ। ਇਹ ਵੀ ਉਚੇਚੇ ਤੌਰ 'ਤੇ ਕਿਹਾ ਗਿਆ ਹੈ ਇਸ ਐਸਆਈਟੀ ਵਿਚ ਬਾਕੀ ਦੇ ਪ੍ਰਮੁੱਖ ਅਫ਼ਸਰਾਂ ਵਿਚ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀ ਹੋਣ। ਇਹ ਨਿਰਦੇਸ਼ ਅੱਜ ਹਾਈ ਕੋਰਟ ਦੇ ਦੂਜੇ ਸੱਭ ਤੋਂ ਸੀਨੀਅਰ ਜੱਜ ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਅਰੁਣ ਪੱਲੀ 'ਤੇ ਆਧਾਰਤ ਬੈਂਚ ਨੇ ਜਾਰੀ ਕੀਤੇ ਹਨ। ਬੈਂਚ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿਚ ਜਾਂਚ ਕਰ ਰਹੇ ਅਫ਼ਸਰ ਸਹੀ ਜਾਂਚ ਯਕੀਨੀ ਬਣਾਉਣ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਣਗੇ।
Maur bomb blast Case
ਬੈਂਚ ਨੇ ਇਹ ਗੱਲ ਪਿਛਲੀ ਸੁਣਵਾਈ 'ਚ ਹੀ ਸਪਸ਼ਟ ਕਰ ਦਿੱਤੀ ਸੀ ਕਿ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਦੀ ਸਟੇਟਸ ਰਿਪੋਰਟ ਤੋਂ ਅਦਾਲਤ ਸੰਤੁਸ਼ਟ ਨਹੀਂ ਹੈ। ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਬੰਬ ਧਮਾਕੇ ਦੀ ਸਾਜਿਸ਼ ਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਕੁੜਮ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਕਥਿਤ ਸ਼ਮੂਲੀਅਤ ਦਾ ਇਹ ਮਾਮਲਾ ਆਖਰ ਹਾਈ ਕੋਰਟ ਪੁੱਜਾ ਸੀ। ਗੁਰਜੀਤ ਸਿੰਘ ਪਾਤੜਾਂ ਅਤੇ ਸਾਬਕਾ ਡੇਰਾ ਪ੍ਰੇਮੀ ਤੇ ਸਾਬਕਾ ਪੁਲਿਸ ਮੁਲਾਜਮ ਸੁਖਵਿੰਦਰ ਸਿੰਘ (72) ਵਲੋਂ ਸਾਂਝੇ ਤੌਰ ਉਤੇ ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਅਤੇ ਐਡਵੋਕੇਟ ਰਵਨੀਤ ਸਿੰਘ ਜੋਸ਼ੀ ਰਾਹੀਂ ਪਟੀਸ਼ਨ ਦਾਇਰ ਕਰ ਇਕ ਤਾਂ ਉਕਤ ਦੋਵਾਂ ਰਾਮ ਰਹੀਮ ਅਤੇ ਜੱਸੀ ਕੋਲੋਂ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।
Maur bomb blast Case
ਦੂਜਾ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਜਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ।ਇਸ ਤੋਂ ਇਲਾਵਾ ਬੰਬ ਧਮਾਕੇ ਚ ਮਾਰੇ ਗਏ ਆਮ ਲੋਕਾਂ (7 ਜਣੇ) ਦੇ ਵਾਰਸਾਂ ਨੂੰ ਇਕ ਇਕ ਕਰੋੜ ਰੁਪਿਆ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਦਾਅਵਾ ਕੀਤਾ ਗਿਆ ਕਿ ਇਸ ਬੰਬ ਧਮਾਕੇ ਦੀ ਸਾਜਿਸ਼ ਡੇਰਾ ਸਿਰਸਾ ਚ ਸੌਦਾ ਸਾਧ ਰਾਮ ਰਹੀਮ ਵਲੋਂ ਘੜੀ ਗਈ ਅਤੇ ਇਸ ਦਾ ਮੁੱਖ ਮਨੋਰਥ ਰਾਮ ਰਹੀਮ ਦੇ ਕਰੀਬੀ ਰਿਸ਼ਤੇਦਾਰ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨਾ ਸੀ। ਇਸ ਬਾਰੇ ਕਈ ਗਵਾਹ ਅਤੇ ਸਬੂਤ ਵੀ ਮੌਜੂਦ ਹੋਣ ਦਾ ਦਾਅਵਾ ਕਰਦੇ ਹੋਏ ਰਾਜ ਪੁਲਿਸ ਦੀ ਹੁਣ ਤੱਕ ਦੀ ਜਾਂਚ 'ਚ ਇਨ੍ਹਾਂ ਪਹਿਲੂਆਂ ਨੂੰ ਜਾਣਬੁਝ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੋਣ ਦੇ ਦੋਸ਼ ਵੀ ਲਾਏ ਗਏ।