
ਉਨ੍ਹਾਂ ਸਪੱਸ਼ਟ ਕੀਤਾ ਕਿ ਲਹਿਰ ਸਰਬਸਾਂਝੀ ਹੋਵੇਗੀ ਨਾ ਕਿਸੇ ਦੇ ਵਿਰੋਧ ਵਿਚ ਹੋਵੇਗੀ ਤੇ ਨਾ ਹੀ ਕਿਸੇ ਦੀ ਹਮਾਇਤ ਵਿਚ
ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵਲੋਂ ਪਿਛਲੇ ਇਕ ਸਾਲ ਵਿਚ ਪੰਜਾਬ ਵਿਚ ਜਬਰੀ ਧਰਮ ਪਰਿਵਰਤਨ ਦੇ ਮੁੱਦੇ ਨੂੰ ਸਫਲਤਾ ਪੂਰਵਕ ਠੱਲ ਪਾਉਣ ਤੋਂ ਬਾਅਦ ਅਗਲੇ ਪੜਾਅ ਵਜੋਂ ਧਰਮ ਜਾਗਰੂਕਤਾ ਲਹਿਰ ਅਧੀਨ ਪੰਜਾਬ ਦੇ ਸੱਭ ਤੋਂ ਭਖਦੇ ਮੁੱਦੇ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਸਰਹੱਦੀ ਖੇਤਰ ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ( ਬਾਬਾ ਜੋਧਾ ਸਿੰਘ ) ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁੱਖ ਅਰਦਾਸ ਕਰਕੇ "ਨਸ਼ੇ ਛਡਾਉ, ਪੁੱਤ ਬਚਾਉ" ਦੇ ਨਾਹਰੇ ਹੇਠ ਗੁਰਮਤਿ ਦੀ ਰੋਸ਼ਨੀ ਵਿਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਹਿਰ ਦਾ ਬਿਗਲ ਵਜਾ ਦਿਤਾ ਗਿਆ ਹੈ।
ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ। ਉਹ ਕਠਿਨ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਜਾ ਰਹੀ ਹੈ । ਇਸ ਨਸ਼ਿਆਂ ਵਿਰੁਧ ਪਲੇਠੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਵਿਚ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ਼ੁਰੂ ਕੀਤੀ ਗਈ "ਨਸ਼ੇ ਛਡਾਉ, ਪੁੱਤ ਬਚਾਉ" ਮੁਹਿੰਮ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪੰਜਾਬ ਦੇ ਪਿੰਡ -ਪਿੰਡ ਤਕ ਲੈ ਕੇ ਜਾਵਾਂਗੇ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਨਸ਼ਿਆਂ ਤੋਂ ਬਚਾਇਆਂ ਜਾ ਸਕੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਲਹਿਰ ਸਰਬਸਾਂਝੀ ਹੋਵੇਗੀ ਨਾ ਕਿਸੇ ਦੇ ਵਿਰੋਧ ਵਿਚ ਹੋਵੇਗੀ ਤੇ ਨਾ ਹੀ ਕਿਸੇ ਦੀ ਹਮਾਇਤ ਵਿਚ ਕਿਉਂਕਿ ਨਸ਼ੇ ਇਕ ਸਮਾਜਿਕ ਬੁਰਾਈ ਹਨ । ਇਸ ਸਮਾਜਿਕ ਬੁਰਾਈ ਤੇ ਬੀਮਾਰੀ ਸਮਾਜ ਦੇ ਸਾਰੇ ਲੋਕ ਹੀ ਇੱਕ ਮੁੱਠ ਹੋ ਕੇ ਠੱਲ੍ਹ ਸਕਦੇ ਹਨ । ਇਸ ਲਹਿਰ ਵਿਚ ਹਰ ਧਰਮ , ਹਰ ਜਾਤੀ ਅਤੇ ਹਰ ਸਿਆਸੀ ਪਾਰਟੀ ਦੇ ਲੋਕ ਸਿਆਸੀ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਸ਼ਾਮਲ ਹੋ ਸਕਦੇ ਹਨ ।
ਅੱਜ ਦੇ ਸਮਾਗਮ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਹਲੋਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਣੇ ਕਈ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੁਹਿੰਮ ਵਿਚ ਅਜਨਾਲਾ ਹਲਕੇ ਦੇ ਲਗਭਗ 20 ਪਿੰਡਾ ਦੇ ਲੋਕ, ਪੰਚਾਇਤਾਂ ਅਤੇ ਸਰਪੰਚਾਂ ਤੋਂ ਇਲਾਵਾ 10 ਤੋ ਵੱਧ ਸਕੂਲਾਂ ਦੇ ਪ੍ਰਿੰਸੀਪਲ ਅਪਣੇ ਸਕੂਲ ਦੇ ਬੱਚਿਆਂ ਸਮੇਤ ਹਾਜ਼ਰ ਹੋਏ।