
ਹਾਈ ਕਮਾਂਡ ਨੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਦਿੱਲੀ ਕੀਤਾ ਤਲਬ
ਲੁਧਿਆਣਾ : ਲੁਧਿਆਣਾ ਦੇ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੁੱਤਰ ਨੇ ਵਿਆਹ ਸਮਾਰੋਹ ਦੌਰਾਨ ਫਾਈਰਿੰਗ ਕਰ ਦਿੱਤੀ। ਵਿਧਾਇਕ ਦੇ ਪੁੱਤਰ ਵੱਲੋਂ ਹਵਾ ਵਿਚ 2 ਫਾਇਰ ਕੀਤੇ ਗਏ। ਇਸ ਦੌਰਾਨ ਉਸ ਦੇ ਵੱਡੇ ਭਰਾ ਵੱਲੋਂ ਉਸ ਨੂੰ ਗੋਲੀ ਚਲਾਉਣ ਤੋਂ ਰੋਕਣ ਦਾ ਯਤਨ ਵੀ ਕੀਤਾ ਗਿਆ। ਇਸ ਮਾਮਲੇ ਨਾਲ ਜੁੜਿਆ ਵੀਡੀਓ ਵੀ ਸਾਹਮਣੇ ਆਇਆ, ਜਿਸ ’ਚ ਬੈਕਗਰਾਊਂਡ ’ਚ ਪੰਜਾਬੀ ਗੀਤ ਚਲ ਰਿਹਾ ਹੈ।
ਵਿਆਹ ਸਮਾਰੋਹ ਐਮ.ਐਲ.ਏ. ਜੀਵਨ ਸਿੰਘ ਸੰਗੋਵਾਲ ਦੇ ਖੇਤਰ ਦੇ ਗਿੱਲ ਪਿੰਡ ਵਿਚ ਹੋਇਆ। ਹੁਣ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਇਹ ਵਿਆਹ ਸਮਾਗਮ ਕਦੋਂ ਅਤੇ ਕਿਸ ਦੇ ਘਰ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ’ਚ ਵਿਧਾਇਕ ਦੇ ਪੁੱਤਰ ਨੂੰ ਗਿੱਛਗਿੱਛ ਦੇ ਲਈ ਬੁਲਾਇਆ ਗਿਆ ਹੈ ਅਤੇ ਹਥਿਆਰ ਦੀ ਜਾਂਚ ਕੀਤੀ ਜਾਵੇਗੀ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ‘ਆਪ’ ਹਾਈ ਕਮਾਂਡ ਨੇ ਦਿੱਲੀ ਤਲਬ ਕੀਤਾ ਹੈ।
ਉਥੇ ਹੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਵੀਡੀਓ ’ਚ ਗੋਲੀ ਚਲਾਉਣ ਵਾਲਾ ਉੁਸਦਾ ਪੁੱਤਰ ਹੈ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਬੇਟਾ ਜਗਪਾਲ ਖਿਡੌਣਾ ਬੰਦੂਕ ਨਾਲ ਗੋਲੀ ਚਲਾ ਰਿਹਾ ਸੀ। ਫਾਈਰਿੰਗ ਨਾਲ ਜੁੜਿਆ ਇਕ 5 ਸੈਕਿੰਡ ਦਾ ਵੀਡੀਓ ਸਾਹਮਣੇ ਆਇਆ ਹੈ। ਡੀਜੇ ਚੱਲ ਰਿਹਾ ਅਤੇ ਗੀਤ ਚੱਲ ਰਿਹਾ ਸੀ ‘ਸਾਡੀ ਪੰਤਾਲੀ ਤੇ ਪਚਾਸੀ ਬਿੱਲੋ ਬੋਰ, ਬੋਰਾਂ ਅੱਗੇ ਦੱਸ ਕੀਹਦਾ ਚਲਦਾ ਹੈ ਜੋਰ’ ਇਸ ਦੌਰਾਨ ਜਗਪਾਲ ਆਇਆ ਅਤੇ ਪਿਸਤੌਲ ਉਪਰ ਕਰਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਕ ਤੋਂ ਬਾਅਦ ਉਸ ਨੇ 2 ਫਾਇਰ ਕੀਤੇ। ਵੀਡੀਓ ’ਚ ਵੱਡੇ ਦਵਿੰਦਰ ਸਿੰਘ ਉਰਫ਼ ਲਾਡੀ ਵੀ ਦਿਖਾਈ ਦੇ ਰਿਹਾ ਹੈ, ਜੋ ਫਾਈਰਿੰਗ ਤੋਂ ਬਾਅਦ ਜਗਪਾਲ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ।