
ਕੋਵਿਡ-19 ਦੌਰਾਨ ਪੰਜਾਬ ਪੁਲਿਸ ਨੇ ਫ਼ੇਸਬੁੱਕ, ਟਵੀਟਰ ਤੇ ਹੋਰ ਸੋਸ਼ਲ ਮੀਡੀਆ ਵਿਚ ਅਪਣੇ ਉਕਤ ਲੌਗੋ ਨੂੰ ਮਾਸਕ ਨਾਲ ਢੱਕ ਦਿਤਾ ਹੈ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਪੰਜਾਬ ਪੁਲਿਸ ਵਲੋਂ ਗੁਰਬਾਣੀ ਵਿਚਲੀ ਤੁਕਾਂ ''ਸ਼ੁਭ ਕਰਮਨ ਤੇ ਕਬਹੁੰ ਨਾ ਟਰੋਂ'' ਦੇ ਲੋਗੋ ਤੋਂ ਮਾਸਕ ਹਟਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਅਜੇ ਇਹ ਪਟੀਸ਼ਨ ਦਾਖ਼ਲ ਹੋਈ ਹੈ ਤੇ ਪ੍ਰਵਾਨਗੀ ਮਿਲਣ ਉਪਰੰਤ ਸੁਣਵਾਈ ਹਿਤ ਸਬੰਧਤ ਬੈਂਚ ਮੁਹਰੇ ਆਏਗੀ।
Punjab Police logo
ਹਾਲਾਂਕਿ ਇਹ ਮਾਮਲਾ ਪਹਿਲਾਂ ਵੀ ਚੁੱਕਿਆ ਜਾ ਚੁਕਾ ਹੈ ਪਰ ਪਟੀਸ਼ਨਰ ਨਿਖਿਲ ਸਰਾਫ਼ ਮੁਤਾਬਕ ਉਸ ਵੇਲੇ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਮਾਮਲਾ ਲੋਕਹਿਤ ਦਾ ਹੈ, ਜਿਸ ਕਾਰਨ ਪਟੀਸ਼ਨਰ ਨੇ ਲੋਕਹਿਤ ਪਟੀਸ਼ਨ ਦਾਖ਼ਲ ਕਰਨ ਦੀ ਮਨਜ਼ੂਰੀ ਮੰਗਦਿਆਂ ਉਕਤ ਪਟੀਸ਼ਨ ਵਾਪਸ ਲੈ ਲਈ ਸੀ।
Punjab and Haryana High Court
ਨਿਖਿਲ ਨੇ ਹੁਣ ਲੋਕਹਿਤ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ ਕੋਵਿਡ-19 ਦੌਰਾਨ ਪੰਜਾਬ ਪੁਲਿਸ ਨੇ ਫ਼ੇਸਬੁੱਕ, ਟਵੀਟਰ ਤੇ ਹੋਰ ਸੋਸ਼ਲ ਮੀਡੀਆ ਵਿਚ ਅਪਣੇ ਉਕਤ ਲੌਗੋ ਨੂੰ ਮਾਸਕ ਨਾਲ ਢੱਕ ਦਿਤਾ ਹੈ ਤੇ ਅਜਿਹਾ ਕਰ ਕੇ ਸਿੱਖ ਧਰਮ ਨੂੰ ਮੰਨਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਕਿਉਂਕਿ ਮਾਸਕ ਨਾਲ ਗੁਰਬਾਣੀ ਦੀ ਉਕਤ ਤੁਕ ਨੂੰ ਢੱਕ ਕੇ ਪੁਲਿਸ ਨੇ ਬੇਅਦਬੀ ਕੀਤੀ ਹੈ।
Punjab Police
ਇਸ ਦੋਸ਼ ਨਾਲ ਪਟੀਸ਼ਨਰ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਲੌਗੋ ਤੋਂ ਮਾਸਕ ਹਟਾਇਆ ਜਾਵੇ ਤੇ ਜਿਨ੍ਹਾਂ ਨੇ ਇਹ ਮਾਸਕ ਲਗਾਉਣ ਦੀ ਯੋਜਨਾ ਬਣਾਈ ਸੀ, ਉਨ੍ਹਾਂ ਵਿਰੁਧ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਿਠਾ ਕੇ ਜਾਂਚ ਕੀਤੀ ਜਾਵੇ ਤੇ ਕਾਰਵਾਈ ਕੀਤੀ ਜਾਵੇ।
Punjab Police Logo
ਇਹ ਵੀ ਹਾਈ ਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਪੁਲਿਸ ਸ਼ਿਕਾਇਤ ਅਥਾਰਟੀ ਨਾ ਹੋਣ ਕਾਰਨ ਇਹ ਮਾਮਲਾ ਹਾਈ ਕੋਰਟ ਵਿਚ ਉਠਾਇਆ ਜਾ ਰਿਹਾ ਹੈ ਕਿਉਂਕਿ ਸ਼ਿਕਾਇਤ ਅਥਾਰਟੀ ਦੀ ਅਣਹੋਂਦ ਵਿਚ ਹਾਈ ਕੋਰਟ ਵਿਚ ਪੁਲਿਸ ਵਿਰੁਧ ਸ਼ਿਕਾਇਤ ਸੁਣਨ ਦੀ ਸ਼ਕਤੀਆਂ ਹਨ।