ਡੀਐਮਸੀ ਹਸਪਤਾਲ ਵਿਚ ਇਲਾਜ ਜਾਰੀ
Ludhiana Businessman Kidnapping News: ਲੁਧਿਆਣਾ 'ਚ ਦੇਰ ਰਾਤ ਕੱਪੜਾ ਕਾਰੋਬਾਰੀ ਨੂੰ ਉਸ ਦੀ ਫੈਕਟਰੀ ਨੇੜਿਉਂ ਬਦਮਾਸ਼ਾਂ ਨੇ ਅਗਵਾ ਕਰ ਲਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਪ੍ਰਵਾਰ ਤੋਂ ਫਿਰੌਤੀ ਦੀ ਮੰਗ ਕੀਤੀ। ਪ੍ਰਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਜਦੋਂ ਬਦਮਾਸ਼ਾਂ ਨੂੰ ਪਤਾ ਲੱਗਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਜਾਲ ਵਿਛਾਇਆ ਹੈ ਤਾਂ ਉਨ੍ਹਾਂ ਨੇ ਵਪਾਰੀ ਨੂੰ ਸੜਕ ਦੇ ਵਿਚਕਾਰ ਸੁੱਟ ਦਿਤਾ, ਇਸ ਦੌਰਾਨ ਵਪਾਰੀ ਨੂੰ ਗੋਲੀ ਵੀ ਲੱਗੀ ਹੈ। ਜ਼ਖ਼ਮੀ ਵਪਾਰੀ ਨੂੰ ਡੀਐਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਰੋਬਾਰੀ ਸੰਭਵ ਜੈਨ ਦੀ ਫੈਕਟਰੀ ਨੂਰਵਾਲਾ ਰੋਡ ’ਤੇ ਹੈ। ਉਹ ਅਪਣੀ ਕਾਰ ਵਿਚ ਫੈਕਟਰੀ ਤੋਂ ਘਰ ਜਾ ਰਿਹਾ ਸੀ ਕਿ ਇਕ ਸਕੂਟਰ ਸਵਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿਤੀ। ਜਦੋਂ ਕਾਰੋਬਾਰੀ ਬਾਹਰ ਆਇਆ ਤਾਂ ਬਦਮਾਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ। ਬਦਮਾਸ਼ਾਂ ਨੇ ਕਾਰੋਬਾਰੀ ਨੂੰ ਕਰੀਬ 3 ਘੰਟੇ ਤਕ ਸ਼ਹਿਰ ਵਿਚ ਘੁੰਮਾਇਆ।
ਉਸ ਦੇ ਪ੍ਰਵਾਰ ਨੂੰ ਵੱਖ-ਵੱਖ ਥਾਵਾਂ 'ਤੇ ਬੁਲਾਉਂਦੇ ਰਹੇ। ਜਦੋਂ ਬਦਮਾਸ਼ਾਂ ਨੂੰ ਸ਼ੱਕ ਹੋਇਆ ਕਿ ਪੁਲਿਸ ਉਨ੍ਹਾਂ ਨੂੰ ਫੜਨ ਲਈ ਜਾਲ ਵਿਛਾ ਰਹੀ ਹੈ ਤਾਂ ਉਨ੍ਹਾਂ ਨੇ ਵਪਾਰੀ ਨੂੰ ਗੋਲੀ ਮਾਰ ਕੇ ਸੁੱਟ ਦਿਤਾ। ਏਸੀਪੀ ਲੁਧਿਆਣਾ ਸੁਮੀਤ ਸੂਦ ਨੇ ਦਸਿਆ ਕਿ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
(For more news apart from Ludhiana Businessman Kidnapping, stay tuned to Rozana Spokesman)