
ਪੀ.ਜੀ.ਆਈ ਤੋਂ ਛੁੱਟੀ ਮਿਲਦਿਆਂ ਹੀ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਤੇ 4 ਦਿਨ ਦੇ ਰਿਮਾਂਡ ਦਾ ਦਿਤਾ ਹੁਕਮ
Money-laundering case: : ਅਮਰਗੜ੍ਹ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਲਈ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਲਤ ਨੇ ਸ਼ੁਕਰਵਾਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਅਧਿਕਾਰੀਆਂ ਨੂੰ 24 ਘੰਟਿਆ ਦੇ ਅੰਦਰ ਗੱਜਣਮਾਜਰਾ ਨੂੰ ਤੁਰਤ ਪੀ.ਜੀ.ਆਈ. ਚੰਡੀਗੜ੍ਹ ਵਿਚ ਤਬਦੀਲ ਕਰਨ ਦੇ ਨਿਰਦੇਸ਼ ਦਿਤੇ ਹਨ।
ਅਦਾਲਤ ਨੇ ਈ.ਡੀ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਗੱਜਣਮਾਜਰਾ ਦੀ ਹਿਰਾਸਤੀ ਪੁੱਛਗਿੱਛ ਲਈ ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿਤੀ ਅਤੇ ਪੀ.ਜੀ.ਆਈ. ਚੰਡੀਗੜ੍ਹ ਨੂੰ ਹਦਾਇਤ ਕੀਤੀ ਕਿ ਉਹ ਈ.ਡੀ ਦੇ ਸਹਾਇਕ ਡਾਇਰੈਕਟਰ ਜਗਵਿੰਦਰ ਪਾਲ ਸਿੰਘ ਨੂੰ ਗੱਜਣ ਮਾਜਰਾ ਦੇ ਡਿਸਚਾਰਜ ਹੋਣ ਤੋਂ ਪੰਜ ਘੰਟੇ ਪਹਿਲਾਂ ਸੂਚਿਤ ਕਰੇ ਤਾਂ ਜੋ ਈ.ਡੀ ਉਸ ਨੂੰ ਪੁੱਛਗਿੱਛ ਲਈ ਸ਼ਰੀਰਕ ਤੌਰ ’ਤੇ ਹਿਰਾਸਤ ਵਿਚ ਲੈ ਸਕੇ। ਸੀ.ਬੀ.ਆਈ/ਐਨਆਈਏ ਦੇ ਵਿਸ਼ੇਸ਼ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਬਚਾਅ ਪੱਖ ਵਲੋਂ ਪੇਸ਼ ਹੋਏ ਐਡਵੋਕੇਟ ਐਚ. ਐਸ. ਧਨੋਆ ਅਤੇ ਸ਼ੇਖਰ ਸਰੀਨ ਦੀਆਂ ਦਲੀਲਾਂ ਅਤੇ ਈ. ਡੀ ਵਲੋਂ ਦਿਤੀਆਂ ਦਲੀਲਾਂ ਨੂੰ ਸੁਣਨ ਉਪਰੰਤ ਇਹ ਹੁਕਮ ਜਾਰੀ ਕੀਤੇ ਕਿ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਦਾ ਮਤਲਬ ਹੈ ਕਿ ਜਾਂਚ ਅਧਿਕਾਰੀ ਉਸ ਨੂੰ ਉਕਤ ਹਸਪਤਾਲ ਤੋਂ ਡਿਸਚਾਰਜ ਕਰਨ ’ਤੇ ਹੀ ਹਸਪਤਾਲ ਦੇ ਅਹਾਤੇ ਤੋਂ ਹਿਰਾਸਤ ਵਿਚ ਲੈ ਸਕਦਾ ਹੈ।
ਜਾਂਚ ਅਧਿਕਾਰੀ ਨੂੰ ਮੁਲਜਮ ਦੀ ਈ.ਡੀ. ਹਿਰਾਸਤ ਵਿਚ ਲੈਣ ਲਈ ਹਸਪਤਾਲ ਵਿਚ ਹਾਜ਼ਰ ਹੋਣ ਦੀ ਸਹੂਲਤ ਦੇਣ ਲਈ, ਇੱਥੇ ਇਹ ਹੁਕਮ ਦਿਤਾ ਜਾਂਦਾ ਹੈ ਕਿ ਮੁਲਜਮ ਨੂੰ ਡਿਸਚਾਰਜ ਕਰਨ ਵਾਲਾ ਡਾਕਟਰ, ਮੁਲਜਮ ਨੂੰ ਡਿਸਚਾਰਜ ਕਰਨ ਤੋਂ ਪਹਿਲਾਂ ਜਾਂਚ ਅਧਿਕਾਰੀ ਈ.ਡੀ ਦੇ ਸਹਾਇਕ ਡਾਇਰੈਕਟਰ ਜਗਵਿੰਦਰ ਪਾਲ ਸਿੰਘ ਨਾਲ ਘੱਟੋ ਘੱਟ 5 ਘੰਟੇ ਪਹਿਲਾਂ ਸੰਪਰਕ ਕਰੇਗਾ। ਇਸ ਤਰ੍ਹਾਂ ਸਬੰਧਤ ਡਾਕਟਰ ਜੋ ਮੁਲਜਮ ਨੂੰ ਡਿਸਚਾਰਜ ਕਰੇਗਾ ਨੂੰ ਹੁਕਮ ਦਿਤਾ ਜਾਂਦਾ ਹੈ ਕਿ ਉਹ ਅਸਲ ਵਿਚ ਮੁਲਜਮ ਦੀ ਸ਼ਰੀਰਕ ਕਸਟਡੀ ਹਸਪਤਾਲ ਵਿਚ ਹੀ ਇਸ ਕੇਸ ਦੇ ਜਾਂਚ ਅਧਿਕਾਰੀ ਨੂੰ ਸੌਂਪੇ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਲਈ ਮੁਲਤਵੀ ਕਰਦਿਆਂ ਈ.ਡੀ ਨੂੰ ਜਸਵੰਤ ਸਿੰਘ ਗੱਜਣ ਮਾਜਰਾ ਦਾ 4 ਦਿਨ ਦਾ ਰਿਮਾਂਡ ਵੀ ਦੇ ਦਿਤਾ ਹੈ।
(For more news apart from Money-laundering case: Court allows ED to shift MLA Gajjanmajra to PGIMER, stay tuned to Rozana Spokesman)