
ਬਿਨਾਂ ਲਾਲਚ ਢੀਂਡਸਾ ਨੇ ਸਿੱਖੀ ਸਿਧਾਂਤ 'ਤੇ ਪਹਿਰਾ ਦੇਣ ਦੇ ਐਲਾਨ ਨੂੰ ਸਿੱਖ ਕੌਮ ਨੇ ਪਸੰਦ ਕੀਤਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਵੱਖ-ਵੱਖ ਮਨਾਉਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦਰਮਿਆਨ ਸਿਆਸੀ ਜੰਗ ਤਿੱਖੀ ਹੋਣ ਦੀ ਸੰਭਾਵਨਾ ਪੰਥਕ ਹਲਕੇ ਦਸ ਰਹੇ ਹਨ। ਆਪੋ-ਅਪਣੀ ਸਥਿਤੀ ਮਜ਼ਬੂਤ ਕਰਨ ਦੇ ਜੋੜ ਤੋੜ ਦੀ ਰਾਜਨੀਤੀ ਨੇ ਜ਼ੋਰ ਫੜ ਲਿਆ ਹੈ। ਉਕਤ ਦੋਹਾਂ ਪਰਵਾਰਾਂ ਦਾ ਭਵਿੱਖ ਇਸ ਵੇਲੇ ਦਾਅ 'ਤੇ ਲੱਗ ਗਿਆ ਹੈ। ਟਕਸਾਲੀਆਂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਪੰਥਪ੍ਰਸਤ ਬੜਾ ਚੰਗਾ ਹੁਗਾਰਾ ਭਰ ਰਹੇ ਹਨ।
Sukhbir Singh Badal, Parkash Singh Badal
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਸੱਭ ਤੋਂ ਗੰਭੀਰ ਹੈ। ਪੰਥਕ ਧਿਰਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਸਰਕਾਰ ਦੇ ਉਨ੍ਹਾਂ ਮੰਤਰੀਆਂ ਦੇ ਘਰਾਂ ਤੱਕ ਪੁੱਜ ਗਈਆਂ ਹਨ, ਜਿਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕੀਤਾ ਸੀ। ਸੂਤਰ ਦਸ ਰਹੇ ਹਨ ਕਿ ਸਿੱਖ ਕੌਮ ਅੰਦਰ ਲਾਵਾ ਫ਼ੁੱਟ ਰਿਹਾ ਹੈ ਕਿ ਉਨ੍ਹਾਂ ਨੂੰ ਸੰਤੁਸ਼ਟੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਅਦ ਹੀ ਮਿਲ ਸਕੇਗੀ। ਸ. ਢੀਂਡਸਾ ਵਰਗੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਤੇ ਜੂਨੀਅਰ ਲੀਡਰਸ਼ਿਪ ਮੌਕੇ ਦੀ ਤਲਾਸ਼ ਵਿਚ ਹੈ ਜਿਸ ਨੇ ਬੇਅਦਬੀ ਦੇ ਹੱਕ ਵਿਚ ਤੁਰੇ ਆਗੂਆਂ ਦਾ ਸਾਥ ਦੇਣਾ ਹੈ।
Capt Amrinder Singh
ਪੰਥਕ ਹਲਕਿਆਂ ਵਿਚ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿਚ ਹਮਦਰਦੀ, ਇਸ ਕਰ ਕੇ ਵੀ ਬਣ ਗਈ ਹੈ ਕਿ ਉਨ੍ਹਾਂ ਭਵਿੱਖ ਵਿਚ ਕੋਈ ਵੀ ਚੋਣ ਨਾ ਲੜਨ ਦਾ ਐਲਾਨ ਟਕਸਾਲੀ ਅਕਾਲੀ ਆਗੂਆਂ ਤੇ ਪੰਜਾਬ ਭਰ ਵਿਚੋਂ ਪੁਜੀ ਸਿੱਖ ਕੌਮ ਦੀ ਮੌਜੂਦਗੀ ਵਿਚ ਸਥਾਪਨਾ ਦਿਵਸ ਵਿਚ ਕਰ ਦਿਤਾ ਹੈ ਕਿ ਮੈਨੂੰ ਕੁਰਸੀ ਨਹੀਂ ਚਾਹੀਦੀ ਪੰਥਕ ਮਾਣ ਮਰਿਆਦਾ, ਸਿੱਖੀ ਸਿਧਾਂਤ ਚਾਹੀਦਾ ਹੈ ਜਿਸ ਨੂੰ ਖ਼ਤਮ ਬਾਦਲ ਪਰਵਾਰ ਨੇ ਸਿਰਫ਼ ਸੌਦਾ ਸਾਧ ਦੀਆਂ ਵੋਟਾਂ ਅਤੇ ਕੁਰਸੀ ਨੂੰ ਤਰਜੀਹ ਦੇ ਕੇ ਕੀਤੀ।
Sukhdev Singh Dhindsa
ਦੂਸਰੇ ਪਾਸੇ ਬਾਦਲ ਪਰਵਾਰ ਨਾ ਤਾਂ ਅਪਣੀਆਂ ਗ਼ਲਤੀਆਂ ਛੱਡ ਰਿਹਾ ਹੈ ਤੇ ਨਾ ਹੀ ਨੈਤਿਕ ਜ਼ੁੰਮੇਵਾਰੀ ਲੈ ਕੇ ਕੁਰਸੀ ਦਾ ਤਿਆਗ ਕਰ ਰਿਹਾ ਹੈ। ਇਸ ਵੇਲੇ ਸੁਖਦੇਵ ਸਿੰਘ ਢੀਂਡਸਾ ਗੱਲ ਪੰਥ ਦੀ ਕਰ ਰਹੇ ਹਨ ਕਿ ਜੇਕਰ ਅਸੀਂ ਅਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕੇ ਤਾਂ ਸਿੱਖ ਕੌਮ ਸਾਨੂੰ ਕਦੇ ਮਾਫ਼ ਨਹੀਂ ਕਰੇਗੀ ਪਰ ਬਾਦਲਾਂ ਦੀ ਸੋਚ ਸਿੱਖੀ ਦੀ ਥਾਂ ਨਿਜਵਾਦ, ਪ੍ਰਵਾਰਵਾਦ ਅਤੇ ਰਿਸ਼ੇਦਾਰੀਆਂ ਤਕ ਹੀ ਸੀਮਤ ਹੋ ਕੇ ਰਹਿ ਗਈ।
Badals
ਮੌਜੂਦਾ ਹਾਲਾਤ ਵਿਚ ਢੀਂਡਸਾ ਬਨਾਮ ਬਾਦਲਾਂ ਦਰਮਿਆਨ ਤਿੱਖੀ ਪੰਥਕ ਲੜਾਈ ਸੱਭ ਨੂੰ ਵੇਖਣ ਵਿਚ ਮਿਲੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।