
ਪਿਸ਼ਾਬ ਵਾਲੀ ਥੈਲੀ ਹੱਥ 'ਚ ਫੜ ਦਿੱਲੀ ਮੋਰਚੇ ਵਿਚ ਡਟਿਆ ਕਿਸਾਨ
ਚੰਡੀਗੜ੍ਹ: ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨੀ ਘੋਲ ਦੌਰਾਨ ਸੰਘਰਸ਼ੀ ਜਜ਼ਬੇ ਦੀਆਂ ਲਾਮਿਸਾਲ ਮਿਸਾਲਾਂ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨੀ ਧਰਨੇ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਰੀਰਕ ਅਪੰਗਤਾ ਅਤੇ ਭਿਆਨਕ ਬਿਮਾਰੀ ਦੇ ਹਾਲਾਤ ਵੀ ਰੋਕਣ ਵਿਚ ਨਾਕਾਮ ਸਾਬਤ ਹੋਏ ਹਨ। ਦਿੱਲੀ ਧਰਨੇ ਵਿਚ ਲੱਤ ਤੇ ਪਲੱਸਤਰ ਲੱਗੇ ਵਿਅਕਤੀ ਤੋਂ ਲੈ ਕੇ ਇਕ ਲੱਤ ਨਾਲ ਸਾਈਕਲ ਚਲਾ ਕੇ ਪਹੁੰਚਣ ਦੀਆਂ ਮਿਸਾਲਾਂ ਕਾਇਮ ਹੋ ਚੁਕੀਆਂ ਹਨ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਇਕ 60 ਸਾਲਾ ਬਜ਼ੁਰਗ 350 ਕਿਲੋਮੀਟਰ ਤੋਂ ਵਧੇਰੇ ਸਫਰ ਪੈਦਲ ਚੱਲ ਕੇ ਤੈਅ ਕਰਨ ਦਾ ਪ੍ਰਣ ਲੈ ਕੇ ਘਰੋਂ ਨਿਕਲਿਆ ਹੈ। ਹੱਡ-ਚੀਰਵੀ ਸਰਦੀ ਵਿਚ ਛੋਟੇ ਬੱਚਿਆਂ ਅਤੇ 70-80 ਸਾਲ ਦੇ ਬਜ਼ੁਰਗਾਂ ਵਲੋਂ ਸੜਕਾਂ ਕਿਨਾਰੇ ਕੱਟੀਆਂ ਜਾ ਰਹੀਆਂ ਰਾਤਾਂ ਦੇ ਬਿਰਤਾਤ ਨੇ ਸੰਘਰਸ਼ੀ ਜ਼ਜਬੇ ਨੂੰ ਅਥਾਹ ਉਚਾਈ ਤੇ ਪਹੁੰਚਾ ਦਿਤਾ ਹੈ।
Farmers Delhi March
ਦਿੱਲੀ ਧਰਨੇ ਵਿਚ ਸ਼ਾਮਲ ਇਕ ਅਜਿਹੇ ਵਿਅਕਤੀ ਦੀ ਤਸਵੀਰ ਸਾਹਮਣੇ ਆਈ ਹੈ ਜੋ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਹੱਥ ਵਿਚ ਪਿਸ਼ਾਬ ਵਾਲੀ ਥੈਲੀ ਫੜੀ ਵਿਖਾਈ ਦੇ ਰਿਹਾ ਹੈ। ਬਿਮਾਰੀ ਦੀ ਹਾਲਤ ਵਿਚ ਬਾਥਰੂਮ ਕਰਨ ਵਿਚ ਦਿੱਕਤ ਹੋਣ ਦੇ ਬਾਵਜੂਦ ਹੱਥ ਵਿਚ ਪਿਸ਼ਾਬ ਦੀ ਥੈਲੀ ਲਈ ਕਿਸਾਨ ਅੰਦੋਲਨ ਵਿਚ ਸ਼ਾਮਲ ਇਸ ਬਜ਼ੁਰਗ ਦੇ ਹੌਂਸਲੇ ਅਤੇ ਜਜ਼ਬੇ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ।
Farmers Delhi March
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਬਜ਼ੁਰਗ ਦੇ ਜ਼ਜਬੇ ਨੂੰ ਸਲਾਮ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਅਜਿਹੇ ਜ਼ਜ਼ਬੇ ਨੂੰ ਸਲਾਮ, ਬੀਮਾਰ ਹੋਣ ਦੇ ਬਾਵਜੂਦ ਇਹ ਬਜ਼ੁਰਗ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਆਏ ਹਨ ਤੇ ਪਿਸ਼ਾਬ ਦੀਆਂ ਥੈਲੀਆਂ ਨਾਲ ਪ੍ਰੋਟੈਸਟ ਵਿਚ ਸ਼ਾਮਲ ਹੋਏ ਹਨ! ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸਾਨ ਲਹਿਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਿੱਤੀਆਂ ਜਾਂਦੀਆਂ ਡਾਕਟਰੀ ਸੇਵਾਵਾਂ ਪ੍ਰਾਪਤ ਕਰਨ।
Delhi Morcha
ਦਰਅਸਲ ਦਿੱਲੀ ਵਿਚ ਕਿਸਾਨਾਂ ਦਾ ਚੱਲ ਰਿਹਾ ਧਰਨਾ ਹੁਣ ਸਿਰਫ ਕਿਸਾਨਾਂ ਦਾ ਧਰਨਾ ਨਹੀਂ ਰਿਹਾ। ਇਹ ਸਮੂਹ ਲੋਕਾਈ ਦਾ ਧਰਨਾ ਬਣ ਚੁਕਾ ਹੈ। ਇਸ ਨੂੰ ਇਸ ਸਦੀ ਦੀ ਸਭ ਤੋਂ ਮਹੱਤਵਪੂਰਨ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ। ਇਸ ਨਾਲ ਤਰ੍ਹਾਂ-ਤਰ੍ਹਾਂ ਦੇ ਅਖਾਣ ਜੁੜਣ ਲੱਗੇ ਹਨ। ਜਿਵੇਂ ਆਮ ਕਿਹਾ ਜਾਂਦਾ ਹੈ ਕਿ ਜਿਸ ਨੇ ਲਾਹੌਰ ਨਹੀਂ ਵੇਖਿਆ, ਉਸ ਨੇ ਕੁੱਝ ਨਹੀਂ ਵੇਖਿਆ। ਇਸੇ ਤਰ੍ਹਾਂ ਸੁਣਨ ਨੂੰ ਮਿਲ ਰਿਹਾ ਹੈ ਕਿ ''ਜੋ ਦਿੱਲੀ ਧਰਨੇ ਵਿਚ ਨਹੀਂ ਗਿਆ, ਉਸ ਨੇ ਕੁੱਝ ਨਹੀਂ ਵੇਖਿਆ''। ਇਸ ਨੂੰ ਪਿਛਲੀ ਸਦੀ ਦੌਰਾਨ 1907 ਵਿਚ ਸ਼ੁਰੂ ਹੋਈ 'ਪੱਗੜੀ ਸੰਭਾਲ ਜੱਟਾ' ਲਹਿਰ ਨਾਲ ਜੋਂੜ ਕੇ ਵੇਖਿਆ ਜਾ ਰਿਹਾ ਹੈ। ਇਨ੍ਹਾਂ ਦੋਵਾਂ ਘੋਲਾਂ ਵਿਚ ਕਈ ਸਮਾਨਤਾਵਾਂ ਹਨ ਜੋ ਇਨ੍ਹਾਂ ਨੂੁੰ ਇਕ-ਦੂਜੇ ਦੇ ਪੂਰਕ ਬਣਾਉਂਦੀਆਂ ਹਨ। 1907 ਵਾਲੀ ਲਹਿਰ ਵੀ ਪੰਜਾਬ ਤੋਂ ਸ਼ੁਰੂ ਹੋਈ ਸੀ ਜੋ ਬਾਅਦ ਵਿਚ ਪੂਰੇ ਦੇਸ਼ ਵਿਚ ਫੈਲ ਗਈ ਸੀ।
Delhi March
ਉਸ ਸਮੇਂ ਵੀ ਅੰਗਰੇਜ਼ ਸਰਕਾਰ ਵਲੋਂ ਖੇਤੀ ਸਬੰਧੀ ਤਿੰਨ ਕਾਨੂੰਨ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਵਾਪਸ ਕਰਵਾਉਣ ਵਿਚ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਵੀ ਸ਼ਾਮਲ ਸੀ। ਭਗਤ ਸਿੰਘ ਦੇ ਚਾਚਾ ਅਜੀਤ ਸਿੰੰਘ ਦਾ ਇਸ ਲਹਿਰ ਵਿਚ ਅਹਿਮ ਯੋਗਦਾਨ ਸੀ। ਉਸ ਸਮੇਂ ਇਹ ਲਹਿਰ ਕਈ ਮਹੀਨੇ ਚੱਲੀ ਸੀ ਜੋ ਕਾਨੂੰਨ ਵਾਪਸ ਹੋਣ ਬਾਅਦ ਸਮਾਪਤ ਹੋਈ ਸੀ। ਇਹ ਸਵਾਲ ਹਰ ਇਕ ਦੇ ਜ਼ਿਹਨ ਵਿਚ ਆ ਰਿਹਾ ਹੈ ਕਿ ਜਦੋਂ ਆਉਣ ਵਾਲੀਆਂ ਪੀੜ੍ਹੀਆਂ 2020 ਦੇ ਇਸ ਕ੍ਰਾਤੀਕਾਰੀ ਘੌਲ ਬਾਰੇ ਸਵਾਲ ਪੁਛਣਗੀਆਂ ਤਾਂ ਕੀ ਜਵਾਬ ਦੇਵਾਂਗੇ ਕਿ ''ਅਸੀਂ ਘਰੇ ਹੀ ਬੈਠੇ ਰਹੇ ਸਾਂ''। ਇਹੀ ਕਾਰਨ ਹੈ ਕਿ ਇਸ ਇਤਿਹਾਸ ਪਲ ਦਾ ਗਵਾਹ ਬਣਨ ਲਈ ਵੱਡੀ ਗਿਣਤੀ ਲੋਕ ਦਿੱਲੀ ਵੱਲ ਆਪ-ਮੁਹਾਰੇ ਕੂਚ ਕਰ ਰਹੇ ਹਨ ਜੋ ਕਿਸਾਨੀ ਘੋਲ ਦੀ ਵਿਲੱਖਣਾ ਅਤੇ ਵਿਸ਼ਾਲਤਾ ਨੂੁੰ ਚਾਰ-ਚੰਨ ਲਾਉਣ 'ਚ ਸਹਾਈ ਹੋ ਰਿਹਾ ਹੈ।