
ਕੋਵਿਡ 19 ਦਾ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਭਾਰਤੀ ਮੂਲ ਦੇ ਲੋਕ : ਰੀਪੋਰਟ
ਬ੍ਰਿਟੇਨ ’ਚ ਪਹਿਲੇ ਹਫ਼ਤੇ ’ਚ ਹੀ ਕਰੀਬ 138000 ਲੋਕਾਂ ਨੂੰ ਲਗਾਇਆ ਜਾ ਚੁੱਕਾ ਹੈ ਕੋਵਿਡ 19 ਦਾ ਟੀਕਾ
ਲੰਡਨ, 17 ਦਸੰਬਰ : ‘ਬਲੈਕ ਏਸ਼ੀਅਨ ਐਂਡ ਮਾਈਨਾਰਿਟੀ ਏਥਨਿਕ (ਬੀਏਐਮਈ) ਸਮੂਹ ਸਹਿਤ ਬ੍ਰਿਟੇਨ ’ਚ ਭਾਰਤੀ ਮੂਲ ਦੇ ਲੋਕ ਕੋਵਿਡ 19 ਦਾ ਟੀਕਾ ਲਗਵਾਉਣਾ ਨਹੀਂ ਚਾਹੁੰਦੇ ਹਨ। ਨਵੇਂ ਅਧਿਐਨ ’ਚ ਇਹ ਦਾਅਵਾ ਕਰਦੇ ਹੋਏ ਬ੍ਰਿਟੇਨ ਸਰਕਾਰ ਤੋਂ ਟੀਚੇ ਤੋਂ ਵੱਧ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਗਈ ਹੈ। ਬ੍ਰਿਟੇਨ ’ਚ ਫ਼ਾਈਜ਼ਰ/ ਬਾਇਉਨਟੈਕ ਵਲੋਂ ਵਿਕਸਿਤ ਕੋਵਿਡ 19 ਦਾ ਟੀਕਾ ਪਹਿਲੇ ਇਕ ਹਫ਼ਤੇ ’ਚ ਹੀ ਕਰੀਬ 138000 ਲੋਕਾਂ ਨੂੰ ਲਗਾਇਆ ਜਾ ਚੁੱਕਾ ਹੈ।
‘ਰਾਇਲ ਸੋਸਾਇਟੀ ਫ਼ਾਰ ਪਬਲਿਕ ਹੈਲਥ’ (ਆਰਐਸਪੀਐਚ) ਵਲੋਂ ਕੀਤੇ ਗਏ ਅਧਿਐਨ ’ਚ ਪਾਇਆ ਗਿਆ ਹੈ ਕਿ ਬ੍ਰਿਟੇਨ ਦੇ ਚਾਰ ਵਿਚੋਂ ਤਿੰਨ ਲੋਕ ਅਪਣੇ ਡਾਕਟਰ ਦੀ ਸਲਾਹ ’ਤੇ ਟੀਕਾ ਲਗਵਾਉਣ ਨੂੰ ਤਿਆਰ ਹਨ, ਜਦਕਿ ਸਿਰਫ਼ ਅੱਠ ਫ਼ੀ ਸਦੀ ਨੇ ਹੀ ਅਜਿਹਾ ਨਾ ਕਰਨ ਦੀ ਇੱਛਾ ਜਾਹਿਰ ਕੀਤੀ। ਉਥੇ, ਬੀਏਐਮਸੀ ਦੇ ਸਿਰਫ਼ 57 ਫ਼ੀ ਸਦੀ ਲੋਕ ਹੀ ਟੀਕਾ ਲਗਵਾਉਣ ਲਈ ਤਿਆਰ ਹੋਏ, ਜਦਕਿ 79 ਫ਼ੀ ਸਦੀ ਗੋਰੇ ਲੋਕਾਂ ਨੇ ਇਸ ਲਈ ਹਾਮੀ ਭਰੀ। ਅਧਿਐਨ ’ਚ ਕਿਹਾ ਗਿਆ ਕਿ ਏਸ਼ੀਆਈ ਮੂਲ ਦੇ ਲੋਕਾਂ ’ਚ ਟੀਕੇ ਪ੍ਰਤੀ ਭਰੋਸਾ ਘੱਟ ਦਿਖਿਆ ਕਿਉਂਕਿ ਸਿਰਫ਼ 55 ਫ਼ੀ ਸਦੀ ਨੇ ਹੀ ਇਸ ਨੂੰ ਲਗਵਾਉਣ ਲਈ ਹਾਂ ਕਿਹਾ।
ਆਰਐਸਪੀਐਚ ਦੀ ਮੁੱਖ ਕਾਰਜਕਾਰੀ ਕ੍ਰਿਸਟੀਨਾ ਮੈਰੀਯਟ ਨੇ ਕਿਹਾ, ‘‘ਸਾਨੂੰ ਕਈ ਸਾਲਾਂ ਤੋਂ ਇਹ ਪਤਾ ਹੈ ਕਿ ਵੱਖ ਵੱਖ ਭਾਈਚਾਰੇ ਦਾ ਰਾਸ਼ਟਰ ਸਿਹਤ ਸੇਵਾ (ਐਨਐਚਐਸ) ’ਤੇ ਵੱਖ ਵੱਖ ਪੱਧਰ ਦਾ ਵਿਸ਼ਵਾਸ਼ ਹੈ ਅਤੇ ਹਾਲ ਹੀ ਅਸੀਂ ਦੇਖਿਆ ਕਿ ਟੀਕਾਕਰਨ ਵਿਰੋਧੀ ਸੰਦੇਸ਼ਾਂ ਰਾਹੀਂ ਵਿਸ਼ੇਸ਼ ਤੌਰ ’ਤੇ ਵੱਖ ਵੱਖ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ ਵੱਖ ਵੱਖ ਨਸਲ ਜਾਂ ਧਾਰਮਕ ਭਾਈਚਾਰੇ ਸ਼ਾਮਲ ਹਨ।’’
ਉਨ੍ਹਾਂ ਕਿਹਾ , ‘‘ਪਰ ਅਸਲ ’ਚ ਇਹ ਸਮੂਹ ਸੱਭ ਤੋਂ ਵੱਧ ਕੋਵਿਡ ਨਾਲ ਪ੍ਰਭਾਵਤ ਹੋਏ ਹਨ। ਉਨ੍ਹਾਂ ਦੇ ਬਿਮਾਰ ਹੋਣ ਅਤੇ ਮਰਨ ਦਾ ਖ਼ਤਰਾ ਵੀ ਬਣਿਆ ਰਹੇਗਾ। ਇਸ ਲਈ, ਸਰਕਾਰ, ਐਨਐਚਐਸ ਅਤੇ ਸਥਾਨਕ ਲੋਕ ਸਿਹਤ ਸੇਵਾਵਾਂ ਨੂੰ ਤੇਜੀ ਨਾਲ ਅਤੇ ਲਗਾਤਾਰ ਇਨ੍ਹਾਂ ਭਾਈਚਾਰਿਆਂ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਕੰਮ ਕਰਨ ਦਾ ਸੱਭ ਤੋਂ ਪ੍ਰਭਾਵੀ ਤਰੀਕਾ ਸਥਾਨਕ ਭਾਈਚਾਰਕ ਸਮੂਹਾਂ ਨਾਲ ਕੰਮ ਕਰਨਾ ਹੋਵੇਗਾ।’’
ਪਹਿਲਾ ਸਾਹਮਣੇ ਆਏ ਕਈ ਅਧਿਐਨਾਂ ’ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬ੍ਰਿਟੇਨ ਦੇ ਘੱਟ ਗਿਣਤੀ ਨਸਲੀ ਸਮੂਹਾਂ ’ਤੇ ਕੋਵਿਡ 19 ਦਾ ਸੱਭ ਤੋਂ ਵੱਧ ਅਸਰ ਪਿਆ ਹੈ, ਜਿਥੇ ਕੰਮ ਕਰਨ ਅਤੇ ਰਹਿਣ ਦੀ ਸਥਿਤੀ ਬੀਏਐਮਈ ਸਮੂਹਾਂ ’ਚ ਮੌਤ ਦਰ ਵੱਧ ਹੋਣ ਦਾ ਵੱਡਾ ਕਾਰਨ ਮੰਨੀ ਜਾਂਦੀ ਹੈ।
(ਪੀਟੀਆਈ)