
ਬਿਲਾਵਲੁ ਮਹਲਾ ੫ ॥
ਬਿਲਾਵਲੁ ਮਹਲਾ ੫ ॥
ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥
ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥
ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥
ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥
ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥
ਐਤਵਾਰ, ੩ ਪੋਹ (ਸੰਮਤ ੫੫੪ ਨਾਨਕਸ਼ਾਹੀ) ੧੮ ਦਸੰਬਰ, ੨੦੨੨ (ਅੰਗ: ੮੦੭)
ਪੰਜਾਬੀ ਵਿਆਖਿਆ :
ਬਿਲਾਵਲੁ ਮਹਲਾ ੫ ॥
ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ । ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ।ਰਹਾਉ। ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਸਾਰੇ ਜਗਤ ਵਿਚ ਹਰ ਥਾਂ ਉਸ ਦੀ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ ।੧। ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ । ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ ।੨।੧੨।੩੦।