
ਮੁਹਾਲੀ ਦੇ 11ਵੀਂ ਜਮਾਤ ਦੇ ਕੇਸ਼ਵ ਮਹਾਜਨ ਤੇ 7 ਵੀਂ ਜਮਾਤ ਦੇ ਅਦਿੱਤਿਆ ਗੁਪਤਾ ਦੀ ਹੋਈ ਚੋਣ
ਭਾਰਤ ਸਰਕਾਰ ਵੱਲੋਂ ਕਰਵਾਇਆ ਜਾਂਦਾ ਇੰਸਪਾਇਰ ਐਵਾਰਡ (ਮਾਣਕ) 2021-22 ਦੇ ਨਤੀਜੇ ਜਾਰੀ ਹੋਏ ਹਨ। ਜ਼ਿਲ੍ਹਾ ਪੱਧਰੀ ਮਾਡਲ ਪੇਸ਼ ਕਰਨ ਤੋਂ ਬਾਅਦ 48 ਵਿਦਿਆਰਥੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਲਿਸਟ ਜਾਰੀ ਕੀਤੀ ਗਈ ਹੈ। ਇਸ ਵੱਕਾਰੀ ਖ਼ਿਤਾਬ ਲਈ ਪੰਜਾਬ ਭਰ ਵਿਚੋਂ ਕੁੱਲ 48 ਵਿਦਿਆਰਥੀਆਂ/ ਮਾਡਲਾਂ ਦੀ ਪੰਜਾਬ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ। ਇਨ੍ਹਾਂ ਮਾਡਲਾਂ ਵਿਚੋਂ ਹੁਣ 20 ਅਤੇ 21 ਦਸੰਬਰ ਨੂੰ ਨੈਸ਼ਨਲ ਮੁਕਾਬਲਿਆਂ ਲਈ ਚੋਣ ਹੋਵੇਗੀ। ਜਿਹੜੇ ਵਿਦਿਆਰਥੀਆਂ ਦੇ ਸ਼ਾਨਾਮੱਤੇ ਮਾਡਲਾਂ ਨੇ ਇਹ ਨਾਮਣਾ ਖੱਟਿਆ ਹੈ ਉਨ੍ਹਾਂ ਵਿਚੋਂ ਕੇਸ਼ਵ ਮਹਾਜਨ ‘ਲਾਰੈਂਸ’ (ਜਮਾਤ ਗਿਆਰ੍ਹਵੀਂ)ਜਦੋਂ ਕਿ ਅਦਿੱਤਆ ਗੁਪਤਾ ‘ਲਰਨਿੰਗ ਪਾਥਸ ਸਕੂਲ’ ਸਕੂਲਾਂ ਨਾਲ ਸਬੰਧਤ ਹਨ ਜਿਨ੍ਹਾਂ ਦੀ ਚੋਣ ਕੁੱਲ 13 ਮਾਡਲਾਂ ਵਿਚੋਂ ਹੋਈ ਹੈ। ਵੇਰਵਿਆਂ ਅਨੁਸਾਰ ਜਿਨ੍ਹਾਂ 48 ਵਿਦਿਆਰਥੀਆਂ ਦੇ ਮਾਡਲਾਂ ਨੂੰ ਪੰਜਾਬ ਪੱਧਰੀ ਮੁਕਾਬਲੇ ’ਚ ਜਗ੍ਹਾ ਮਿਲੀ ਹੈ ਜਿਨ੍ਹਾਂ ਵਿਚੋਂ ਕਰੀਬ 23 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਬਣਾਏ ਹਨ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ਵਿਚੋਂ ਕਿੰਨੇ ਨੈਸ਼ਨਲ ਪੱਧਰ ’ਚ ਖੜ੍ਹੇ ਹੋ ਸਕਣਗੇ।
ਕੇਸ਼ਵ ਮਹਾਜਨ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇਸ ਮਾਡਲ ਲਈ ਖੋਜ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੇਸ਼ਵ ਨੇ ਹੱਥ ਦੇ ਤਾਪ ਨਾਲ ਟਾਰਚ ਜਗਾਉਣ ਵਾਲੀ ਖੋਜ ਕੀਤੀ ਸੀ ਜਦੋਂ ਕਿ ਸੀਬੀਐੱਸਈ ਦੇ ਅਨੇਕਾਂ ਸਾਇੰਸ ਮੁਕਾਬਲਿਆਂ ’ਚ ਉਹ ਆਪਣੇ ਮਾਡਲ ਪੇਸ਼ ਕੀਤੇ ਸਨ। ਇਹ ਮਾਡਲ ਇੱਟਾਂ ਦੇ ਭੱਠਿਆਂ ’ਤੇ ਅਜਾਂਈ ਜਾਂਦੀ ਤਾਪ ਊਰਜਾ ਨੂੰ ਵਰਤੋਂ ’ਚ ਲਿਆ ਕੇ ਬਿਜਲੀ ਬਣਾਏਗਾ। ਇਸ ਦੀ ਖ਼ਾਸੀਅਤ ਇਹ ਵੀ ਹੈ ਕਿ ਜੇਕਰ ਕਿਸੇ ਮੌਕੇ ’ਤੇ ਹੀ ਇਸ ਬਿਜਲੀ ਦੀ ਵਰਤੋਂ ਨਹੀਂ ਕਰਨੀ ਤਾਂ ਇਸ ਨੂੰ ਸਟੋਰ ਕਰ ਕੇ ਦੁਬਾਰਾ ਵਰਤੋਂ ’ਚ ਲਿਆਂਦਾ ਜਾ ਸਕੇਗਾ। ਕੇਸ਼ਵ ਨੇ ਦੱਸਿਆ ਕਿ ਇਸ ਦੇ ਚਾਰ ਵੱਡੇ ਫ਼ਾਇਦਿਆਂ ’ਚ ਘੱਟ ਪੈਸਿਆਂ ’ਚ ਤਿਆਰ, (ਕੌਸਟ ਇਫ਼ੈਕਟਿਵ), ਪੋਰਟੇਬਲ, ਆਸਾਨੀ ਨਾਲ ਵਰਤੋਂ ਅਤੇ ਸਜਾਵਟ ਲਈ ਵੀ ਰੱਖਿਆ ਜਾ ਸਕਦਾ ਹੈ। ਉਸ ਨੇ ਦੱਸਿਆ ਕਿ ਜੇਕਰ ਇਹ ਮਾਡਲ ਨੈਸ਼ਨਲ ਪੱਧਰ ਲਈ ਚੋਣ ਹੋ ਜਾਂਦਾ ਹੈ ਤਾਂ ਇਸ ਨੂੰ ਪੇਟੈਂਟ ਕਰਵਾ ਲਵੇਗਾ।
‘ਲਰਨਿੰਗ ਪਾਥਸ ਸਕੂਲ’ ਮੋਹਾਲੀ ਤੋਂ 7ਵੀਂ ਜਮਾਤ ਦੇ ਆਦਿਤਿਆ ਗੁਪਤਾ ਪਲਾਸਿਟਕ ਅਤੇ ਲੁੱਕ ਨਾਲ ਤਿਆਰ ਕੀਤੇ ਮਿਸ਼ਰਣ ਨਾਲ ਸੜਕਾਂ ਦੇ ਟੋਏ ਭਰਨ ਵਾਲਾ ਮਾਡਲ ਬਣਾਇਆ ਹੈ। ਆਦਿਤਆ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਮਾਡਲੇ ’ਤੇ ਕੰਮ ਕਰ ਰਿਹਾ ਸੀ। ਇਹ ਮਾਡਲ ਇਕ ਸਮਾਰਟ ਵਾਹਨ ਹੈ ਜਿਸ ਵਿਚ ਸਮਾਰਟ ਸੈਂਸਰ ਲੱਗੇ ਹੋਏ ਜਿਨ੍ਹਾਂ ਦੀ ਮੱਦਦ ਨਲਾ ਸੜਕ ਵਿੱਚ ਇੱਕ ਟੋਏ ਦੀ ਪਛਾਣ ਹੋ ਸਕੇਗੀ। ਉਸ ਨੇ ਦੱਸਿਆ ਕਿ ਜਦੋਂ ਇਹ ਟੋਇਆਂ ਨੂੰ ਭਾਂਪ ਲਵੇਗਾ ਤਾਂ ਇਸ ’ਚ ਬਣਾਈ ਵਈ ਵਿਸ਼ੇਸ਼ ਤਕਨੀਕ ਨਾਲ ਇਹ ਪਲਾਸਟਿਕ ਅਤੇ ਲੁੱਕ ਦੇ ਵਿਸ਼ੇਸ਼ ਮਿਸ਼ਰਣ ਟੋਇਆਂ ਨੂੰ ਨਾਲ ਆਪਣੇ ਆਪ ਭਰ ਦੇਵੇਗਾ। ਇਸ ਤਰ੍ਹਾਂ ਇਸ ਮਾਡਲ ਦੀ ਮੱਦਦ ਨਾਲ ਪਲਾਸਟਿਕ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇਗਾ ਜਦੋਂ ਕਿ ਹਰ ਕਿਸੇ ਲਈ ਆਵਾਜਾਈ ਨੂੰ ਆਸਾਨ ਬਣਾ ਰਿਹਾ ਹੈ। ਆਦਿਤਆ ਨੇ ਦੱਸਿਆ ਕਿ ਇਸ ਮਾਡਲ ਨਾਲ ਖ਼ਰਾਬ ਸੜਕਾਂ ਕਾਰਨ ਹੁੰਦੇ ਜਾਨੀ ਹਾਦਸੇ ਘੱਟ ਹੋਣਗੇ ਅਤੇ ਸੜਕਾਂ ਦੀ ਉਮਰ ਵੀ ਜ਼ਿਆਦਾ ਹੋਵਗੀ।
‘ਇੰਸਪਾਇਰ’ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ' (ਇੰਸਪਾਇਰ) ਸਕੀਮ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇੰਸਪਾਇਰ ਅਵਾਰਡਸ - ਐੱਮਏਐੱਨਏਕੇ ‘ਮਾਨਕ’ (ਮਿਲੀਅਨ ਮਾਈਂਡਸ ਔਗਮੈਂਟਿੰਗ ਨੈਸ਼ਨਲ ਐਸਪੀਰੇਸ਼ਨ ਐਂਡ ਨਾਲੇਜ), ਡੀਐੱਸਟੀ ਵੱਲੋਂ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ - ਇੰਡੀਆ (ਐੱਨਆਈਐੱਫ), ਡੀਐੱਸਟੀ ਦੀ ਇੱਕ ਖੁਦਮੁਖਤਿਆਰੀ ਸੰਸਥਾ ਦੇ ਨਾਲ ਚਲਾਇਆ ਜਾ ਰਿਹਾ ਹੈ। ਇਸਦਾ ਉਦੇਸ਼ 6ਵੀਂ ਤੋਂ 10ਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ।
ਇਹ ਸਕੀਮ ਸਕੂਲੀ ਬੱਚਿਆਂ ਵਿੱਚ ਰਚਨਾਤਮਕਤਾ ਅਤੇ ਨਵੀਨਤਾਕਾਰੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਵਿਗਿਆਨ ਅਤੇ ਸਮਾਜਿਕ ਕਾਰਜਾਂ ਵਿੱਚ ਜੜ੍ਹਾਂ ਵਾਲੇ 10 ਲੱਖ ਮੂਲ ਵਿਚਾਰਾਂ/ਨਵੀਨਤਾਵਾਂ ਨੂੰ ਪ੍ਰਫੁੱਲਤ ਬਣਾਉਣਾ ਹੈ। ਜੇਕਰ ਕਿਸੇ ਵਿਦਿਆਰਥੀ ਦਾ ਮਾਡਲ ਇਸ ਸੰਸਥਾ ਨੇ ਚੋਣ ਕਰ ਲਿਆ ਤਾਂ ਇਸ ’ਤੇ ਕੰਮ ਕਰਨ ਲਈ ਉਸ ਨੂੰ ਗਰਾਟ ਮਿਲਦੀ ਹੈ। ਮੰਨਿਆਂ ਜਾਂਦਾ ਹੇ ਕਿ ਇਸ ਕਾਰਜ ਨਾਲ ਭਾਰਤ ’ਚੋਂ ਭਵਿੱਖ ਦੇ ਵਿਗਿਆਨੀ ਪੈਦਾ ਹੋਣਗੇ। ਇਸ ਵਿਚੇ ਹਰੇਕ ਸਕੂਲ ਨੇ ਆਪਣੇ ਸਕੂਲ ਦੇ ਪੰਜ ਬਿਹਤਰੀਨ ਮਾਡਲਾਂ ਜਾਂ ਵਿਚਾਰਾਂ ਨੂੰ ਵਿਭਾਗ ਦੀ ਵੈੱਬਸਾਈਟ ’ਤੇ ਨਸ਼ਰ ਕਰਨਾ ਹੁੰਦਾ ਹੈ ਜਿਨ੍ਹਾਂ ਦੀ ਚੋਣ ਹੋਣ ਤੋਂ ਬਾਅਦ ਵਿਦਿਆਰਥੀ ਦੇ ਖ਼ਾਤੇ ’ਚ 10 ਹਜ਼ਾਰ ਰੁਪਏ ਦੀ ਗਰਾਂਟ ਸਰਕਾਰ ਵੱਲੋਂ ਪਾਈ ਜਾਂਦੀ ਹੈ।