
ਡੇਰਾ ਪ੍ਰੇਮੀ ਦਾ ਕਤਲ ਕਰ ਕੇ ਫਰਾਰ ਚੱਲ ਰਿਹਾ ਸੀ ਪੈਰੀ
ਚੰਡੀਗੜ੍ਹ - ਪੰਜਾਬ ਪੁਲਿਸ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਲਾਰੈਂਸ ਗੈਂਗ ਦੇ ਸਰਗਰਮ ਮੈਂਬਰ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਅਤੇ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਦੇ ਸਾਥੀ ਤੋਂ ਪੁੱਛਗਿੱਛ ਕਰੇਗਾ। ਉਸ ਨੂੰ ਹਾਲ ਹੀ ਵਿਚ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿਚ ਇੱਕ ਹੋਟਲ ਤੋਂ ਕਾਬੂ ਕੀਤਾ ਸੀ। ਪੁਲਿਸ ਲਾਰੈਂਸ ਦੇ ਭਰਾ ਅਨਮੋਲ ਲਈ ਪਾਸਪੋਰਟ ਤਿਆਰ ਕਰਵਾਉਣ ਵਿਚ ਪੈਰੀ ਦੀ ਭੂਮਿਕਾ ਦੀ ਜਾਂਚ ਕਰੇਗੀ। ਪਿਛਲੇ ਸਾਲ 30 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਨਮੋਲ ਫਰਜ਼ੀ ਪਾਸਪੋਰਟ 'ਤੇ ਵਿਦੇਸ਼ ਭੱਜ ਗਿਆ ਸੀ।
ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਕੇਸ ਵਿਚ ਪੈਰੀ ਦੀ ਅਹਿਮ ਭੂਮਿਕਾ ਵੀ ਸਾਹਮਣੇ ਆ ਰਹੀ ਹੈ। ਉਹ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਤੋਂ ਫਰਾਰ ਸੀ। ਪਿਛਲੇ ਸਾਲ 10 ਨਵੰਬਰ ਨੂੰ ਕੋਟਕਪੂਰਾ ਵਿਚ ਅੱਧੀ ਦਰਜਨ ਹਮਲਾਵਰਾਂ ਵੱਲੋਂ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਪੈਰੀ 'ਤੇ ਚੰਡੀਗੜ੍ਹ ਪੁਲਿਸ ਨੇ ਪਿਛਲੇ ਸਾਲ ਮਾਰਚ ਵਿਚ ਸ਼ਹਿਰ ਦੇ ਇਕ ਕਾਰੋਬਾਰੀ ਨੂੰ ਫਿਰੌਤੀ ਦੀਆਂ ਕਾਲਾਂ ਕਰਨ ਦੇ ਦੋਸ਼ ਵਿਚ ਵੀ ਕੇਸ ਦਰਜ ਕੀਤਾ ਸੀ। ਸੈਕਟਰ 33 ਦੇ ਪੈਰੀ ਦੀ ਅਪਰਾਧਾਂ ਦੀ ਲੰਮੀ ਸੂਚੀ ਹੈ। ਚੰਡੀਗੜ੍ਹ ਪੁਲਿਸ ਨੇ ਉਸ ’ਤੇ 5 ਕੇਸ ਦਰਜ ਕੀਤੇ ਸਨ।
ਹਾਲਾਂਕਿ ਇਨ੍ਹਾਂ 'ਚੋਂ 2 'ਚ ਉਹ ਬਰੀ ਹੋ ਚੁੱਕਾ ਹੈ। ਪੈਰੀ ਦੇ ਖਿਲਾਫ਼ ਜੂਨ 2011 ਵਿੱਚ ਹੋਏ ਹਮਲੇ, ਦੰਗੇ ਅਤੇ ਆਰਮਜ਼ ਐਕਟ ਦਾ ਕੇਸ ਵੀ ਅਦਾਲਤ ਵਿਚ ਚੱਲ ਰਿਹਾ ਹੈ। ਇਸ ਮਾਮਲੇ ਵਿਚ ਲਾਰੈਂਸ ਵੀ ਮੁਲਜ਼ਮ ਹੈ। ਪੈਰੀ ਅਤੇ ਲਾਰੈਂਸ ਦੋਵੇਂ ਡੀਏਵੀ ਕਾਲਜ, ਚੰਡੀਗੜ੍ਹ ਵਿਚ ਸਹਿਪਾਠੀ ਸਨ। ਦੋਵੇਂ ਜੁਰਮ ਦੀ ਦੁਨੀਆ ਵਿਚ ਆ ਗਏ।
ਪੈਰੀ ਨੂੰ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ 16 ਮਾਰਚ 2022 ਨੂੰ ਉਸ ਦੇ ਘਰੋਂ ਕਾਬੂ ਕੀਤਾ ਸੀ। ਉਸ ਕੋਲੋਂ ਇੱਕ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਪੁੱਛਗਿੱਛ ਦੌਰਾਨ ਕੁਝ ਹੋਰ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਦੇ ਪੁੱਤਰ ਪੈਰੀ ਨੂੰ ਚੰਡੀਗੜ੍ਹ ਅਦਾਲਤ ਤੋਂ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ।
ਪੂਰੀ ਖ਼ਬਰ ਪੜ੍ਹੋ - ਪਰਿਵਾਰ ਰਾਜੀ ਨਾ ਹੋਣ 'ਤੇ ਪ੍ਰੇਮੀ ਜੋੜੇ ਨੇ ਕੀਤੀ ਸੀ ਖੁਦਕੁਸ਼ੀ, ਹੁਣ ਮਾਪਿਆਂ ਨੇ ਦੋਹਾਂ ਦੇ ਪੁਤਲਿਆਂ ਦਾ ਕਰਵਾਇਆ ਵਿਆਹ
ਪੈਰੀ ਨੂੰ ਇਸ ਤੋਂ ਪਹਿਲਾਂ ਜੁਲਾਈ 2017 ਵਿਚ ਪੁਲਿਸ ਨੇ ਇੱਕ ਗੈਂਗਸਟਰ ਸਮੇਤ 50,000 ਰੁਪਏ ਦੇ ਇਨਾਮ ਨਾਲ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਗੈਂਗਸਟਰ ਭਾਰਤ ਭੂਸ਼ਣ ਉਰਫ਼ ਭੋਲਾ ਸਮੇਤ ਸੈਕਟਰ 63 ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭੋਲਾ ਵਿੱਕੀ ਗੌਂਡਰ ਗੈਂਗ ਦੇ ਲਵੀ ਦਿਓੜਾ ਦੇ ਕੋਟਕਪੂਰਾ ਕਤਲ ਵਿਚ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਪੈਰੀ ਖ਼ਿਲਾਫ਼ ਚੰਡੀਗੜ੍ਹ ਵਿਚ ਸਾਲ 2011, 2013, 2014, 2017 ਅਤੇ 2022 ਵਿਚ ਪੰਜ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ 'ਤੇ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ, ਘੁਸਪੈਠ, ਸੱਟ ਪਹੁੰਚਾਉਣ, ਫਿਰੌਤੀ ਦੀ ਮੰਗ ਕਰਨ ਵਰਗੇ ਅਪਰਾਧ ਦਰਜ ਕੀਤੇ ਗਏ ਸਨ। ਇਨ੍ਹਾਂ ਵਿਚੋਂ ਸਾਲ 2013 ਵਿਚ ਸੈਕਟਰ 3 ਥਾਣੇ ਵਿਚ ਦਰਜ ਹੋਏ ਕੇਸ ਵਿਚੋਂ ਉਹ ਬਰੀ ਹੋ ਗਿਆ ਸੀ। ਪੈਰੀ ਨੂੰ 2014 ਵਿਚ ਸੈਕਟਰ 26 ਥਾਣੇ ਵਿਚ ਦਰਜ ਕੇਸ ਵਿਚੋਂ ਵੀ ਬਰੀ ਕਰ ਦਿੱਤਾ ਗਿਆ ਸੀ। ਬਾਕੀ ਦੋ ਕੇਸ ਅਦਾਲਤ ਵਿਚ ਵਿਚਾਰ ਅਧੀਨ ਹਨ ਅਤੇ 2022 ਵਿਚ ਦਰਜ ਹੋਏ ਕੇਸ ਦੀ ਜਾਂਚ ਚੱਲ ਰਹੀ ਹੈ।