
ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ 40 ਸਾਲਾਂ ਦੇ ਇਤਿਹਸ 'ਤੇ ਝਾਤ ਮਾਰਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨਗੀ ਅਹੁਦੇ 'ਤੇ ਹਮੇਸ਼ਾ ਮੁੰਡਿਆਂ ਦਾ ਕਬਜ਼ਾ ਰਿਹਾ
ਚੰਡੀਗੜ੍ਹ, 27 ਅਗੱਸਤ (ਬਠਲਾਣਾ): ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ 40 ਸਾਲਾਂ ਦੇ ਇਤਿਹਸ 'ਤੇ ਝਾਤ ਮਾਰਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨਗੀ ਅਹੁਦੇ 'ਤੇ ਹਮੇਸ਼ਾ ਮੁੰਡਿਆਂ ਦਾ ਕਬਜ਼ਾ ਰਿਹਾ ਹੈ, ਹਾਲਾਂਕਿ ਕੈਂਪਸ ਵਿਚ ਬਹੁਗਿਣਤੀ ਵੋਟਰ ਕੁੜੀਆਂ ਹੀ ਹਨ। ਇੰਨਾ ਹੀ ਨਹੀਂ ਕੋਈ ਵੀ ਵਿਦਿਆਰਥੀ ਸੰਗਠਨ ਕੁੜੀਆਂ ਨੂੰ ਉਮੀਦਵਾਰ ਬਣਾਉਣ ਨੂੰ ਵੀ ਤਿਆਰ ਨਹੀਂ, ਦੂਜਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਦੋਂ ਕਦੇ ਕਿਸੇ ਸੰਗਠਨ/ਜਥੇਬੰਦੀ ਨੇ ਕਿਸੇ ਲੜਕੀ ਨੂੰ ਪ੍ਰਧਾਨਗੀ ਅਹੁਦਾ ਦਾ ਉਮੀਦਵਾਰ ਬਣਾਇਆ ਵੀ ਹੈ, ਉਸ ਨੂੰ ਜਿੱਤ ਨਸੀਬ ਨਹੀਂ ਹੋਈ। ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਹੁਗਿਣਤੀ ਲੜਕੀਆਂ ਵੀ ਇਸ ਪ੍ਰਧਾਨਗੀ ਦੀ ਕੁਰਸੀ 'ਤੇ ਕਿਸੇ ਲੜਕੀ ਉਮੀਦਵਾਰ ਨੂੰ ਬਿਠਾਉਣ ਲਈ ਹੰਭਲਾ ਨਹੀਂ ਮਾਰ ਰਹੀਆਂ।
ਸਾਲ 1977-78 ਵਿਚ ਕੌਂਸਲ ਤੇ ਸੱਭ ਤੋਂ ਪਹਿਲਾਂ ਆਰ.ਪੀ. ਸਿੰਘ ਖੋਸਾ ਪ੍ਰਘਾਨ ਬਣੇ, ਸਾਲ 1997-98 ਵਿਚ ਦੁਬਾਰਾ ਵਿਦਿਆਰਥੀ ਕੌਂਸਲ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆ ਕਿਉਂਕਿ ਪੰਜਾਬ ਦੇ ਹਾਲਾਤ ਕਾਰਨ 1984 ਤੋਂ ਲੈ ਕੇ 1996 ਤਕ ਵੋਟਾਂ ਨਹੀਂ ਹੋਈਆਂ। ਚੋਣਾਂ ਵਿਚ ਪੁਸੁ ਪਾਰਟੀ ਨੇ ਜਿੱਤ ਦਰਜ ਕੀਤੀ। ਸਾਲ 2011-12 ਤਕ ਪੁਸੁ ਅਤੇ ਸੋਪੂ ਨੇ ਵਾਰੋ-ਵਾਰੀ ਜਿੱਤ ਹਾਸਲ ਜ਼ਰੂਰ ਕੀਤੀ ਪਰ ਪ੍ਰਧਾਨਗੀ ਮੁੰਡਿਆਂ ਕੋਲ ਹੀ ਰਹੀ। ਇਹ ਸਿਲਸਿਲਾ ਪਿਛਲੇ ਸਾਲ ਤਕ ਹੋਈਆਂ ਚੋਣਾਂ ਤਕ ਜਾਰੀ ਰਿਹਾ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਇਸ ਵਿਚ ਕਿਸੇ ਬਦਲਾਅ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਸਿਆਸੀ ਪਾਰਟੀਆਂ ਨਾਲ ਜੁੜੇ ਵਿਦਿਆਰਥੀ ਸੰਗਠਨ ਵੀ ਲੜਕੀਆਂ ਨੂੰ ਇਹ ਹੱਕ ਦੇਣ ਲਈ ਤਿਆਰ ਨਹੀਂ ਹਨ। ਫਿਰ ਭਾਵੇਂ ਉਹ ਕਾਂਗਰਸ ਦੀ ਐਨ.ਐਸ.ਯੂ.ਆਈ. ਹੋਵੇ, ਭਾਜਪਾ ਦੀ ਏ.ਬੀ.ਵੀ.ਪੀ., ਅਕਾਲੀ ਦਲ ਦੀ ਸੋਈ, ਚੌਟਾਲਾ ਇਨੈਲੋ ਦੀ ਇਨਸੋ ਜਾਂ ਖੱਬੇਪੱਖੀਆਂ ਦੀ ਐਸ.ਐਫ਼.ਆਈ. ਹੋਵੇ।
ਪ੍ਰਧਾਨਗੀ ਕਿਉਂ ਨਹੀਂ? : ਲੜਕੀਆਂ ਨੂੰ ਪ੍ਰਧਾਨਗੀ ਨਾ ਮਿਲਣ ਦਾ ਸੱਭ ਤੋਂ ਵੱਡਾ ਕਾਰਨ ਤਾਂ ਉਨ੍ਹਾਂ ਦਾ ਮੈਦਾਨ ਤੋਂ ਕਿਨਾਰਾ ਕਰਨਾ ਸਾਫ਼ ਦਿਸਦਾ ਹੈ, ਦੂਜਾ ਖ਼ੁਦ ਵੋਟਰ ਲੜਕੀਆਂ ਅਪਣੇ ਸੰਗਠਨ ਨੂੰ ਪਹਿਲ ਦਿੰਦੀਆਂ ਹਨ, ਤੀਜਾ ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਬਹੁਤ ਮੱਧਮ ਰਹੀ ਹੈ। ਸਾਲ 2013-14 ਵਿਚ ਖੱਬੇਪੱਖੀ ਐਸ.ਐਫ਼.ਆਈ. ਨੇ ਪ੍ਰਧਾਨਗੀ ਅਹੁਦੇ ਲਈ ਲੜਕੀ ਨੂੰ ਉਮੀਦਵਾਰ ਬਣਾਇਆ, ਉਹ 5 ਉਮੀਦਵਾਰਾਂ 'ਚੋਂ ਚੌਥੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਸਾਲ 2012-13 ਵਿਚ ਇਨਸੋ ਨੇ ਜਿਸ ਲੜਕੀ ਨੂੰ ਉਮੀਦਵਾਰ ਬਣਾਇਆ, ਉਹ 5 ਉਮੀਦਵਾਰਾਂ 'ਚੋਂ ਤੀਜੇ ਸਥਾਨ 'ਤੇ ਜ਼ਰੂਰ ਰਹੀ ਪਰ ਉਸ ਨੂੰ ਮਹਿਜ਼ 0.04 ਫ਼ੀ ਸਦੀ ਵੋਟ ਹੀ ਪਏ। ਸਾਲ 2014-15 ਦੌਰਾਨ ਖੱਬੇਪੱਖੀਆਂ ਐਸ.ਐਫ਼.ਐਸ. ਜਥੇਬੰਦੀ ਵਲੋਂ ਅਮਨਦੀਪ ਕੌਰ ਨੂੰ ਫਿਰ ਉਮੀਦਵਾਰ ਬਣਾਇਆ। ਉਸ ਨੂੰ ਸਿਰਫ਼ 17 ਫ਼ੀ ਸਦੀ ਵੋਟਾਂ ਹੀ ਮਿਲੀਆਂ। ਉਹ ਤੀਜੇ ਸਥਾਨ 'ਤੇ ਰਹੀ। ਪਿਛਲੇ ਸਾਲ ਕਾਂਗਰਸ ਦੀ ਐਨ.ਐਸ.ਯੂ. ਆਈ. ਅਤੇ ਸੋਪੂ ਗਠਜੋੜ ਨੇ ਸੀਆ ਮਨੋਚਾ ਨੂੰ ਪ੍ਰਧਾਨਗੀ ਅਹੁਦੇ ਲਈ ਲੜਾਇਆ, ਉਸ ਨੇ 2074 ਵੋਟਾਂ ਜ਼ਰੂਰ ਹਾਸਲ ਕੀਤੀਆਂ ਪਰ 6 ਉਮੀਦਵਾਰਾਂ ਵਿਚੋਂ ਚੌਥੇ ਸਥਾਨ 'ਤੇ ਹੀ ਗੁਜ਼ਾਰਿਆ ਕਰਨਾ ਪਿਆ।
ਮੀਤ ਪ੍ਰਧਾਨਗੀ ਲਈ ਰਾਖਵੀਂ : ਇਨ੍ਹਾਂ ਚੋਣਾਂ ਦਾ ਇਤਿਹਾਸ ਦਸਦਾ ਹੈ ਕਿ ਘੱਟ ਅਹਿਮੀਅਤ ਵਾਲਾ ਮੀਤ ਪ੍ਰਧਾਨਗੀ ਦਾ ਅਹੁਦਾ ਲੜਕੀਆਂ ਲਈ ਲਗਭਗ ਰਾਖਵਾਂ ਹੈ। ਇਥੇ ਚੋਣ ਲੜਨ ਵਾਲੇ ਉਮੀਦਵਾਰਾਂ 'ਚੋਂ ਲਗਭਗ 100 ਫ਼ੀ ਸਦੀ ਕੁੜੀਆਂ ਹੀ ਹੁੰਦੀਆਂ ਹਨ ਜਦਕਿ ਪ੍ਰਧਾਨ ਤੋਂ ਬਾਅਦ ਸੱਭ ਤੋਂ ਅਹਿਮ ਅਹੁਦਾ ਸਕੱਤਰ ਦਾ ਹੁੰਦਾ ਹੈ।
ਵਿਦਿਆਰਥੀ ਨੇਤਾ ਕੀ ਕਹਿੰਦੇ ਹਨ? : ਲੜਕੀਆਂ ਨੂੰ ਮੋਹਰੀ ਭੂਮਿਕਾ ਨਾ ਦਿਤੇ ਜਾਣ ਬਾਰੇ ਜਦੋਂ ਪੁਸੁ ਨੇਤਾ ਹਾਰਦਿਕ ਆਹਲੂਵਾਲੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲਿੰਗ ਭੇਦ-ਭਾਵ ਵਰਗੀ ਕੋਈ ਗੱਲ ਨਹੀਂ ਹੈ। ਉਂਜ ਲੜਕੀਆਂ ਘੱਟ ਸਰਗਰਮ ਹੋਣ ਕਰ ਕੇ ਵਿਦਿਆਰਥੀ ਸੰਗਠਨ ਉਨ੍ਹਾਂ ਨੂੰ ਪ੍ਰਧਾਨਗੀ ਦੇਣ ਤੋਂ ਝਿਜਕਦੇ ਹਨ। ਐਸ.ਐਫ਼.ਐਸ. ਨੇਤਾ ਹਰਮਨਦੀਪ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਂਪਸ ਵਿਚ 70 ਫ਼ੀ ਸਦੀ ਲੜਕੀਆਂ ਹੋਣ ਦੇ ਬਾਵਜੂਦ ਵਿਦਿਆਰਥੀ ਕੌਂਸਲ 'ਚ ਉਨ੍ਹਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਪਰ ਉਨ੍ਹਾਂ ਉਮੀਦ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਭੂਮਿਕਾ ਅਹਿਮਾ ਹੋ ਸਕਦੀ ਹੈ।