
ਬੀਤੀ ਰਾਤ ਪਿੰਡ ਬੂਥਗੜ 'ਚ ਸਥਿਤ ਗੁਰਦੁਆਰਾ ਸਾਹਿਬ ਦੀ ਖਿੜਕੀ ਦੀ ਭੰਨ-ਤੋੜ ਕਰਨ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ
ਮੋਰਿੰਡਾ, 27 ਅਗੱਸਤ (ਕਰਨੈਲਜੀਤ): ਬੀਤੀ ਰਾਤ ਪਿੰਡ ਬੂਥਗੜ 'ਚ ਸਥਿਤ ਗੁਰਦੁਆਰਾ ਸਾਹਿਬ ਦੀ ਖਿੜਕੀ ਦੀ ਭੰਨ-ਤੋੜ ਕਰਨ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੀਰ ਸਿੰਘ ਜੱਸਾ ਪੁੱਤਰ ਅਵਤਾਰ ਸਿੰਘ ਨੇ ਦਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਪੌਣੇ 4 ਵਜੇ ਉਹ ਗੁਰਦੁਆਰਾ ਸਾਹਿਬ ਨਿਤਨੇਮ ਕਰਨ ਗਿਆ ਤਾਂ ਉਸ ਨੇ ਦੇਖਿਆ ਕਿ ਉਥੇ 2 ਵਿਅਕਤੀ ਫਿਰ ਰਹੇ ਸਨ, ਜਿਨ੍ਹਾਂ ਨੂੰ ਵੇਖ ਕੇ ਉਹ ਪਿੱਛੇ ਮੁੜ ਗਿਆ ਅਤੇ ਅਪਣੇ ਭਰਾਵਾਂ ਤੇ ਹੋਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਵਾਪਸ ਉਥੇ ਪੁੱਜਾ। ਇਕ ਪ੍ਰਵਾਸੀ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰ ਲਿਆ। ਗੁਰਦੁਆਰਾ ਸਾਹਿਬ ਦੀ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਉਨ੍ਹਾਂ ਮੋਰਿੰਡਾ ਪੁਲਿਸ ਨੂੰ ਸੂਚਿਤ ਕਰ ਕੇ ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ। ਇਸ ਸਬੰਧੀ ਡੀ.ਐਸ.ਪੀ. ਸ੍ਰੀ ਚਮਕੌਰ ਸਾਹਿਬ ਨਵਰੀਤ ਸਿੰਘ ਵਿਰਕ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਅਨੁਸਾਰ ਗੁਰਦੁਆਰਾ ਸਾਹਿਬ ਵਿਚ ਦੋਂ ਨਹੀਂ, ਸਗੋਂ ਕਾਬੂ ਕੀਤਾ ਇਕ ਹੀ ਵਿਅਕਤੀ ਸੀ, ਜੋ ਮੰਦਬੁੱਧੀ ਲਗਦਾ ਹੈ। ਡੀ.ਐਸ.ਪੀ. ਵਿਰਕ ਨੇ ਕਿਹਾ ਕਿ ਕਾਬੂ ਕੀਤਾ ਵਿਅਕਤੀ ਭਾਵੇਂ ਦਿਮਾਗ਼ੀ ਤੌਰ 'ਤੇ ਠੀਕ ਨਹੀਂ ਜਾਪਦਾ ਹੈ ਪਰ ਫਿਰ ਵੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ ਦਿਤੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।