
ਪੰਚਕੂਲਾ 'ਚ ਸੌਦਾ ਸਾਧ ਨੂੰ ਸਾਧਵੀ ਬਲਾਤਕਾਰ ਕੇਸ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਜਾਬ 'ਚ ਵਾਪਰੀਆਂ ਹਿੰਸਕ ਘਟਨਾਵਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਹਾਈਕੋਰਟ ਰਾਹੀ..
ਬਠਿੰਡਾ, 27 ਅਗੱਸਤ (ਸੁਖਜਿੰਦਰ ਮਾਨ) : ਪੰਚਕੂਲਾ 'ਚ ਸੌਦਾ ਸਾਧ ਨੂੰ ਸਾਧਵੀ ਬਲਾਤਕਾਰ ਕੇਸ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਜਾਬ 'ਚ ਵਾਪਰੀਆਂ ਹਿੰਸਕ ਘਟਨਾਵਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਹਾਈਕੋਰਟ ਰਾਹੀ ਡੇਰੇ ਕੋਲੋਂ ਕਰਵਾਈ ਜਾਵੇਗੀ। ਇਸ ਸਬੰਧ 'ਚ ਸਰਕਾਰੀ ਮਸ਼ੀਨਰੀ ਦੇ ਰਾਹੀ ਸੂਬੇ 'ਚ ਸਰਕਾਰ ਅਤੇ ਪ੍ਰਾਈਵੇਟ ਨੁਕਸਾਨ ਦਾ ਸਰਵੇਖਣ ਕਰਵਾਇਆ ਜਾ ਰਿਹਾ ਹੈ ਤੇ ਜਲਦੀ ਹੀ ਇਸ ਸਬੰਧ ਵਿਚ ਰੀਪੋਰਟ ਹਾਈ ਕੋਰਟ ਸੌਂਪ ਦਿਤੀ ਜਾਵੇਗੀ।
ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ 'ਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਮੁੱਖ ਮੰਤਰੀ ਬਠਿੰਡਾ ਪੱਟੀ 'ਚ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਧੰਨਵਾਦ ਤੇ ਹੌਸਲਾ ਅਫ਼ਜਾਈ ਕਰਨ ਲਈ ਆਏ ਹੋਏ ਸਨ, ਜਿਸ ਤਹਿਤ ਉਨ੍ਹਾਂ ਮਾਨਸਾ, ਮੋੜ, ਬਠਿੰਡਾ ਅਤੇ ਮਲੋਟ ਆਦਿ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ, ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਕਰਨਅਵਤਾਰ ਸਿੰਘ, ਪੁਲਿਸ ਮੁਖੀ ਸੁਰੇਸ ਅਰੋੜਾ ਤੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਸਹਿਤ ਵੱਡੇ ਅਧਿਕਾਰੀ ਵੀ ਪੁੱਜੇ ਹੋਏ ਸਨ।
ਦੌਰੇ ਦੌਰਾਨ ਸਥਾਨਕ ਥਰਮਲ ਦੇ ਲੇਕ ਵਿਊ ਰੇਸਟ ਹਾਊਸ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਪੰਚਕੂਲਾ 'ਚ ਪੰਜਾਬ ਨਾਲ ਸਬੰਧਤ ਮਰੇ ਅਤੇ ਜਖਮੀ ਹੋਏ ਪ੍ਰੇਮੀਆਂ ਦੇ ਪ੍ਰਵਾਰਾਂ ਨੂੰ ਕਿਸੇ ਤਰ੍ਹਾਂ ਦਾ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਮੁਆਵਜਾ ਉਨ੍ਹਾਂ ਨੂੰ ਦਿਤਾ ਜਾਂਦਾ ਹੈ, ਜਿਹੜੇ ਕਾਨੂੰਨ ਦੀ ਪਾਲਣਾ ਦੌਰਾਨ ਸਹੀਦ ਹੁੰਦੇ ਹਨ ਪ੍ਰੰਤੂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਮੌਤ 'ਤੇ ਕਿਸ ਤਰ੍ਹਾਂ ਦਾ ਮੁਆਵਜ਼ਾ?''
ਉਨ੍ਹਾਂ ਪੰਜਾਬ 'ਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਨਾਲ ਬੈਠੇ ਪੁਲਿਸ ਮੁਖੀ ਸੁਰੇਸ ਅਰੋੜਾ ਸਹਿਤ ਸਮੂਹ ਟੀਮ ਨੂੰ ਸ਼ਾਬਾਸੀ ਦਿੰਦਿਆਂ ਕਿਹਾ ਕਿ ''ਡੇਰਾ ਮੁਖੀ ਦੀ ਪੇਸ਼ੀ ਨੂੰ ਲੈ ਕੇ ਪੁਲਿਸ ਵਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਦਾ ਨਤੀਜਾ ਹੈ ਕਿ ਪੰਜਾਬ 'ਚ ਕੁੱਝ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੋਈ ਵੱਡੀ ਹਿੰਸਾ ਨਹੀਂ ਹੋਈ ਤੇ ਇਸ ਵਿਚ ਕਿਸੇ ਦੀ ਜਾਨ ਜਾਣਾ ਤਾਂ ਬਹੁਤ ਦੂਰ ਦੀ ਗੱਲ, ਬਲਕਿ ਕੋਈ ਜ਼ਖ਼ਮੀ ਵੀ ਨਹੀਂ ਹੋਇਆ।''
ਸੂਬੇ 'ਚ ਸੌਦਾ ਸਾਧ ਦੇ ਡੇਰਿਆਂ ਨੂੰ ਸੀਲ ਕਰਨ ਸਬੰਧੀ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਡੇਰਾ ਸਿਰਸਾ ਨਾਲ ਸਬੰਧਤ 98 ਡੇਰੇ ਹਨ, ਜਿਨ੍ਹਾਂ ਦੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕਰ ਕੇ ਤਲਾਸ਼ੀ ਲਈ ਗਈ ਹੈ ਤੇ ਡੇਰਿਆਂ 'ਤੇ ਪੁਲਿਸ ਦਾ ਪਹਿਰਾ ਬਿਠਾ ਦਿਤਾ ਹੈ। ਉਨ੍ਹਾਂ ਇਨ੍ਹਾਂ ਨੂੰ ਸੀਲ ਕਰਨ ਸਬੰਧੀ ਵੀ ਹਾਲੇ ਇਨਕਾਰ ਕੀਤਾ।'' ਭਲਕੇ ਡੇਰਾ ਮੁਖੀ ਨੂੰ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਸਬੰਧੀ ਕੈਪਟਨ ਸਿੰਘ ਨੇ ਕਿਹਾ ਕਿ '' ਹਾਲੇ ਆਉਣ ਵਾਲੇ ਦਿਨਾਂ 'ਚ ਪੰਜਾਬ ਵਿਚ ਸੁਰੱਖਿਆ ਪ੍ਰਬੰਧਾਂ 'ਚ ਕੋਈ ਢਿੱਲ ਨਹੀਂ ਦਿਤੀ ਜਾਵੇਗੀ ਤੇ ਰਾਤ ਨੂੰ ਕਰਫ਼ੀਊ ਵੀ ਜਾਰੀ ਰਖਿਆ ਜਾਵੇਗਾ।''
ਇਸ ਤੋਂ ਇਲਾਵਾ ਭਾਜਪਾ ਦੇ ਕੁੱਝ ਨੇਤਾਵਾਂ ਵਲੋਂ ਪੰਜਾਬ ਸਰਕਾਰ ਉਪਰ ਡੇਰਾ ਪ੍ਰੇਮੀਆਂ ਨੂੰ ਹੱਦ 'ਤੇ ਨਾ ਰੋਕਣ ਸਬੰਧੀ ਚੱਲ ਰਹੀਆਂ ਚਰਚਾਵਾਂ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੈ ਕਿਹਾ ਕਿ ਪਿਛਲੇ 13 ਦਿਨਾਂ ਤੋਂ ਚੱਲ ਰਹੀਆਂ ਤਿਆਰੀਆਂ ਦੌਰਾਨ ਇਕ ਵਾਰ ਵੀ ਹਰਿਆਣਾ ਦੇ ਮੁੱਖ ਮੰਤਰੀ, ਡੀਜੀਪੀ, ਮੁੱਖ ਸਕੱਤਰ ਜਾਂ ਗ੍ਰਹਿ ਸਕੱਤਰ ਕਿਸੇ ਨੇ ਵੀ ਪੰਜਾਬ ਨਾਲ ਸੰਪਰਕ ਕਰ ਕੇ ਅਜਿਹਾ ਕੁੱਝ ਨਹੀਂ ਦਸਿਆ, ਹੁਣ ਬਾਅਦ ਵਿਚ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ ਜਦੋਂ ਕਿ ਪੰਜਾਬ ਸਰਕਾਰ ਦੀ ਤਰਫ਼ੋਂ ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ ਤੇ ਹੋਰ ਉਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕਰ ਕੇ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੀ।
ਇਸ ਮੌਕੇ ਉਨ੍ਹਾਂ ਨਾਲ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ੍ਹ, ਪ੍ਰੀਤਮ ਸਿੰਘ ਕੋਟਭਾਈ, ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ, ਮੋਹਨ ਲਾਲ ਝੂੰਬਾ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਹਰਵਿੰਦਰ ਸਿੰਘ ਲਾਡੀ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੋਨਿਆਣਾ, ਕੇ.ਕੇ. ਅਗਰਵਾਲ, ਕੁਲਦੀਪ ਸਿੰਘ ਦਾਨਵਾਲਾ, ਪਰਵਿੰਦਰ ਸਿੰਘ ਸਰਨੀ, ਗੁਰਦੀਪ ਸਿੰਘ ਭੋਖੜਾ, ਗੁਰਭਗਤ ਸਿੰਘ, ਰਾਜਪਿੰਦਰ ਰਾਜੂ, ਦੇਵ ਰਾਜ ਨੰਬਰਦਾਰ, ਡਾ ਸੱਤਪਾਲ ਭਠੇਜਾ, ਰਣਜੀਤ ਸਿੰਘ ਗਰੇਵਾਲ, ਟਹਿਲ ਸਿੰਘ ਸੰਧੂ, ਭੁਪਿੰਦਰ ਸਿੰਘ ਖੁੱਡੀਆ ਆਦਿ ਆਗੂ ਵੀ ਹਾਜ਼ਰ ਸਨ।