
ਪੰਜਾਬ ‘ਚ ਐਲਾਨ ਕਰਨ ਲਈ ਵਰਤੀ ਜਾ ਰਹੀ ਸੁਸਤੀ...
ਚੰਡੀਗੜ੍ਹ : 2019 ਦੀਆਂ ਲੋਕ ਸਭ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵੱਲੋਂ ਉਮੀਦਵਾਰ ਐਲਾਨਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਪਰ ਇਹ ਐਲਾਨ ਪੰਜਾਬ ਨੂੰ ਛੱਡ ਕੇ ਹੋਰਨਾਂ ਸੂਬਿਆਂ ਲਈ ਹੋ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਿਆਸ ਲਗਾਏ ਜਾ ਰਹੇ ਹਨ ਕਿ ਸੂਬੇ ਵਿੱਚ 13 ਦੀਆਂ 13 ਸੀਟਾਂ ਲਈ ਪਾਰਟੀ ਵੱਲੋਂ ਮੌਜੂਦਾ ਸਾਂਸਦਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ।
Captain Amrinder Singh
ਜਿਵੇਂ ਕਿ ਗੁਰਦਾਸਪੁਰ ਸੀਟ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਹਨ ਕਿ ਇੱਥੋਂ ਸੁਨੀਲ ਜਾਖੜ ਉਮੀਦਵਾਰ ਹੋਣਗੇ। ਹਾਲਾਂਕਿ ਇੱਕ-ਇੱਕ ਸੀਟ ਤੋਂ ਕਈ-ਕਈ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਪਰ ਕਾਂਗਰਸ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਜਲਦ ਕਰਕੇ ਕੋਈ ਸਿਰਦਰਦੀ ਨਹੀਂ ਸਹੇੜਨਾ ਚਾਹੁੰਦੀ।
Rajinder Kaur Bhattal
ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਮੁਤਾਬਿਕ ਸਕ੍ਰੀਨਿੰਗ ਕਮੇਟੀ ਵੱਲੋਂ ਆਪਣੀ ਰਿਪੋਰਟ ਹਾਈ ਕਮਾਂਡ ਨੂੰ ਸੌਂਪ ਦਿੱਤੀ ਗਈ ਹੈ ਅਤੇ ਪਾਰਟੀ ਵੱਲੋਂ ਅਪ੍ਰੈਲ ਦੇ ਦੂਜੇ ਹਫਤੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਉਂਝ ਵੀ ਇਸ ਤੋਂ ਪਹਿਲਾਂ ਕਾਂਗਰਸ ਦਾ ਇਹ ਰਿਕਾਰਡ ਰਿਹਾ ਹੈ ਕਿ ਪਾਰਟੀ ਵੱਲੋਂ ਤਕਰੀਬਨ ਸਭ ਤੋਂ ਅਖੀਰ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ।