
ਏਐਫਐਸਐਸ ਵੱਲੋਂ ਸਿੱਖ ਜਥੇਬੰਦੀਆਂ ਦੀ ਕਾਰਗੁਜ਼ਾਰੀ 'ਤੇ ਵਿਚਾਰ ਗੋਸ਼ਠੀ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਸਿੱਖ ਵਿਦਿਆਰਥੀ ਜਥੇਬੰਦੀ 'ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟਸ' ਵੱਲੋਂ 'ਸਿੱਖ ਵਿਦਿਆਰਥੀ ਜਥੇਬੰਦੀਆਂ; ਇਤਿਹਾਸ, ਭਵਿੱਖ ਅਤੇ ਚਣੌਤੀਆਂ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ 'ਚ ਉਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਹੋਰਾਂ ਨੇ ਜਿਥੇ ਸਿੱਖ ਵਿਦਿਆਰਥੀ ਲਹਿਰਾਂ ਦੇ ਇਤਿਹਾਸ ਉੱਤੇ ਚਾਨਣਾ ਪਾਇਆ, ਉਥੇ ਹੀ ਉਨ੍ਹਾਂ ਸਮੇਂ-ਸਮੇਂ ਦੌਰਾਨ ਆਈਆਂ ਚਣੌਤੀਆਂ ਉਪਰ ਚਾਨਣਾ ਪਾਇਆ। ਨੌਜਵਾਨ ਸਿੱਖ ਚਿੰਤਕ ਮਨਧੀਰ ਸਿੰਘ ਨੇ ਸਿੱਖ ਵਿਦਿਆਰਥੀ ਰਾਜਨੀਤੀ ਦੀ ਰੂਪ-ਰੇਖਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅਲਾਇੰਸ ਆਫ਼ ਸਿੱਖ ਅਰਗਨਾਈਜੇਸ਼ਨਸ ਵੱਲੋਂ ਨੌਜਵਾਨ ਸਿੱਖ ਆਗੂ ਸੁਖਦੇਵ ਸਿੰਘ ਫਗਵਾੜਾ ਨੇ ਜਥੇਬੰਦਕ ਨੁਕਤਿਆਂ ਬਾਰੇ ਗੱਲ ਕਰਦਿਆਂ ਜਥੇਬੰਦ ਹੋਣ ਵੇਲੇ ਆਪਸੀ ਸਿਧਾਂਤਕ ਸਾਂਝ ਬਣਾਈ ਰੱਖਣ ਦੇ ਨੁਕਤਿਆਂ 'ਤੇ ਚਾਨਣਾ ਪਾਇਆ।
ਪਰਮਪਾਲ ਸਿੰਘ ਸਭਰਾ ਨੇ ਅਜ਼ੋਕੇ ਹਾਲਾਤਾਂ 'ਚ ਜਥੇਬੰਦੀਆਂ ਦੇ ਦਰਪੇਸ਼ ਚੁਣੌਤੀਆਂ ਉਪਰ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਸੁਚੇਤ ਕੀਤਾ । ਉਨ੍ਹਾਂ ਨਾਲ ਹੀ ਯੂਨੀਵਰਸਿਟੀ ਵਿਚਲੇ ਸਿੱਖ ਵਿਦਿਆਰਥੀਆਂ ਨੂੰ AFSS ਦੇ ਝੰਡੇ ਹੇਠ ਜਥੇਬੰਦ ਹੋਣ 'ਤੇ ਵਧਾਈ ਦਿੰਦੇ ਹੋਏ ਅੱਗੇ ਤੋਂ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਦੀ ਆਸ ਵੀ ਜ਼ਾਹਰ ਕੀਤੀ। ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟਸ ਦੇ ਸਕੱਤਰ ਸੁਖਮੰਦਰ ਸਿੰਘ ਵਲੋਂ ਜਥੇਬੰਦੀ ਦਾ ਮਨੋਰਥ ਪੱਤਰ ਪੜ੍ਹਿਆ ਗਿਆ। ਇਸ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਕਿਰਤਪ੍ਰੀਤ ਕੌਰ ਨੇ ਨਿਭਾਈ।