
ਭਾਰਤ ਸਰਕਾਰ ਵਲੋਂ ਬੀਤੇ ਐਤਵਾਰ ਕੋਰੋਨਾ ਵਾਇਰਸ ਦੇ ਬਚਾਅ ਕਾਰਜਾਂ ਲਈ ਚੁੱਕੇ ਗਏ ਕਦਮਾਂ ਤਹਿਤ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਕਾਰੀਡੋਰ
ਚੰਡੀਗੜ੍ਹ- ਭਾਰਤ ਸਰਕਾਰ ਵਲੋਂ ਬੀਤੇ ਐਤਵਾਰ ਕੋਰੋਨਾ ਵਾਇਰਸ ਦੇ ਬਚਾਅ ਕਾਰਜਾਂ ਲਈ ਚੁੱਕੇ ਗਏ ਕਦਮਾਂ ਤਹਿਤ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਕਾਰੀਡੋਰ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਸੀ। ਜਦਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਆਰਜ਼ੀ ਕਰਤਾਰਪੁਰ ਦਰਸ਼ਨ ਸਥੱਲ ਰਾਹੀਂ ਸੰਗਤਾਂ ਪਹਿਲਾਂ ਦੀ ਤਰ੍ਹਾਂ ਹੀ ਦੂਰ ਤੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਰਹੀਆਂ ਸਨ
Kartarpur Sahib
ਪਰ ਇਸ ਸਥਾਨ 'ਤੇ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਅੱਜ ਤੋਂ ਸ਼ਰਧਾਲੂਆਂ ਦੇ ਜਾਣ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਕਾਇਦਾ ਤੌਰ 'ਤੇ ਭਾਰਤ-ਪਾਕਿ ਸਰਹੱਦ ਤੋਂ ਕਾਫੀ ਪਿੱਛੇ ਕਸਬਾ ਡੇਰਾ ਬਾਬਾ ਨਾਨਕ ਵਾਲੇ ਪਾਸੇ ਪੁਲਿਸ ਵਲੋਂ ਰੋਕ ਲਗਾ ਦਿੱਤੀ ਗਈ ਹੈ ਅਤੇ ਸੰਗਤਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।
Kartarpur Sahib
ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਚ. ਓ. ਦਲਜੀਤ ਸਿੰਘ ਪੱਡਾ ਨੇ ਕਿਹਾ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਦੇ ਹੁਕਮਾਂ ਤਹਿਤ ਹੀ ਆਮ ਲੋਕਾਂ ਲਈ ਵੀ ਕਰਤਾਰਪੁਰ ਦਰਸ਼ਨ ਸਥੱਲ ਵਾਲਾ ਪਾਸਾ ਵੀ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਸਥਾਨ 'ਤੇ ਵੀ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਹੋ ਰਿਹਾ ਸੀ।
Kartarpur Sahib
ਕੋਰੋਨਾ ਵਾਇਰਸ ਤੋਂ ਬਚਾਅ ਲਈ ਚੁੱਕੇ ਗਏ ਕਦਮਾਂ ਤਹਿਤ ਅਜਿਹਾ ਫੈਸਲਾ ਲਿਆ ਗਿਆ ਹੈ, ਜਦਕਿ ਦੂਜੇ ਪਾਸੇ ਭਾਰਤ-ਪਾਕਿ ਸਰਹੱਦ ਤੱਕ ਅੱਜ ਸਵੇਰ ਤੋਂ ਕਰਤਾਰਪੁਰ ਦਰਸ਼ਨ ਸਥੱਲ ਰਾਹੀਂ ਪਹੁੰਚ ਰਹੀਆਂ ਸੰਗਤਾਂ ਨੂੰ ਉਸ ਵੇਲੇ ਕਾਫੀ ਨਿਰਾਸ਼ਾ ਹੋਈ ਜਦੋਂ ਪੁਲਸ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਕਰਤਾਰਪੁਰ ਦਰਸ਼ਨ ਸਥੱਲ ਤੱਕ ਜਾਣ ਤੋਂ ਰੋਕ ਕੇ ਵਾਪਸ ਭੇਜ ਦਿੱਤਾ ਗਿਆ। ਇਸ ਫੈਸਲੇ ਨਾਲ ਹੁਣ ਅਗਲੇ ਹੁਕਮਾਂ ਤਹਿਤ ਸੰਗਤਾਂ ਨੂੰ ਕਿਸੇ ਵੀ ਤਰੀਕੇ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਨਹੀਂ ਹੋ ਪਾਉਣਗੇ।