
ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਲਈ ਪੁਖ਼ਤਾ ਪ੍ਰਬੰਧ
ਚੰਡੀਗੜ੍ਹ, 19 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਖੇਤੀਬਾੜੀ ਵਿਭਾਗ ਨੇ ਸੂਬਾ ਸਰਕਾਰ ਦੇ ਫ਼ਸਲੀ ਵੰਨ-ਸੁਵੰਨਤਾ ਪ੍ਰੋਗਰਾਮ ਤਹਿਤ ਸਾਲ 2020 ਵਿਚ ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਕਰਨ ਦੀ ਯੋਜਨਾ ਉਲੀਕੀ ਹੈ, ਜਿਸ ਲਈ ਬੀ.ਟੀ. ਕਾਟਨ ਬੀਜ ਅਤੇ ਹੋਰ ਢੁਕਵੀਆਂ ਲਾਗਤਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ ਨੇ ਦਸਿਆ ਕਿ ਪੰਜਾਬ ਦੇ ਦਖਣੀ ਪਛਮੀ ਜ਼ਿਲ੍ਹਿਆਂ ਵਿਚ ਨਰਮਾ, ਸਾਉਣੀ ਦੀ ਦੂਜੀ ਵੱਡੀ ਰਵਾਇਤੀ ਫ਼ਸਲ ਹੈ ਅਤੇ ਸਮੇਂ-ਸਮੇਂ 'ਤੇ ਰੁਝਾਨ ਬਦਲਣ ਕਰ ਕੇ ਇਹ ਬੜੀ ਨਾਜ਼ੁਕ-ਮਿਜ਼ਾਜ ਨਕਦੀ ਵਾਲੀ ਫ਼ਸਲ ਹੈ। ਇਸੇ ਕਰ ਕੇ ਖੇਤੀਬਾੜੀ ਵਿਭਾਗ ਨੇ ਫ਼ਸਲੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰ ਕੇ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਅਤੇ ਨਰਮੇ ਹੇਠ ਲਿਆਉਣ ਲਈ ਵਿਆਪਕ ਰਣਨੀਤੀ ਬਣਾਈ ਹੈ।
ਦੱਸਣਯੋਗ ਹੈ ਕਿ ਸਾਲ 2018 ਦੌਰਾਨ 6.62 ਲੱਖ ਏਕੜ ਰਕਬਾ ਨਰਮੇ ਦੀ ਕਾਸ਼ਤ ਹੇਠ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਸਾਲ 2019 ਵਿਚ ਇਸ ਰਕਬੇ ਨੂੰ ਵਧਾ ਕੇ 9.7 ਲੱਖ ਏਕੜ ਤਕ ਲਿਆਂਦਾ ਗਿਆ। ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਨੇ ਮੌਜੂਦਾ ਸਾਲ ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਦੀ ਯੋਜਨਾ ਬਣਾਈ ਹੈ।
ਨਰਮੇ ਦੀ ਬਿਜਾਈ ਦੇ ਅਗਾਮੀ ਸੀਜ਼ਨ ਲਈ ਕੀਤੀਆਂ ਤਿਆਰੀਆਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਵਿਸ਼ਵਾਜੀਤ ਖੰਨਾ ਨੇ ਦੱਸਿਆ ਕਿ ਵਿਭਾਗ ਨੇ ਮਿੱਥੇ ਹੋਏ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਪ੍ਰਬੰਧ ਕਰ ਲਏ ਹਨ ਅਤੇ ਸੂਬਾ ਸਰਕਾਰ ਨੇ ਬੀਜ ਤਿਆਰ ਕਰਨ ਵਾਲੀਆਂ ਮੁਲਕ ਦੀਆਂ ਮੋਹਰੀ ਕੰਪਨੀਆਂ ਪਾਸੋਂ ਬੀ.ਟੀ. ਕਾਟਨ ਦੇ 21.5 ਲੱਖ ਪੈਕੇਟਾਂ ਦੀ ਵਿਵਸਥਾ ਵੀ ਕਰ ਲਈ ਹੈ।
ਵਧੀਕ ਮੁੱਖ ਸਕੱਤਰ ਨੇ ਦਸਿਆ ਕਿ ਕੋਵਿਡ-19 ਕਾਰਨ ਕਰਫ਼ਿਊ/ਤਾਲਾਬੰਦੀ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ ਬੀਟੀ ਕਪਾਹ ਦੇ ਬੀਜ ਅਤੇ ਖਾਦਾਂ ਆਦਿ ਦੇ ਸਮੇਂ ਸਿਰ ਪ੍ਰਬੰਧ ਕਰਨ ਲਈ ਵਿਸਥਾਰਤ ਯੋਜਨਾ ਤਿਆਰ ਕਰਨ ਵਾਸਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਵਿਭਾਗ ਨੇ ਕਿਸਾਨਾਂ ਤੋਂ ਬੀਤੇ ਸੀਜ਼ਨ ਦੀ ਬਾਕੀ ਰਹਿੰਦੀ ਕਪਾਹ ਦੀ ਉਪਜ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਲਈ ਭਾਰਤੀ ਕਪਾਹ ਨਿਗਮ (ਸੀਸੀਆਈ) ਨਾਲ ਵੀ ਤਾਲਮੇਲ ਕੀਤਾ ਹੈ ਅਤੇ ਇਸ ਲਈ ਕਪਾਹ ਪੱਟੀ ਦੀਆਂ 19 ਮੰਡੀਆਂ ਚਾਲੂ ਕੀਤੀਆਂ ਗਈਆਂ ਹਨ। ਸੀ.ਸੀ.ਆਈ. ਨੇ ਅਗਲੇ ਸੀਜ਼ਨ ਦੌਰਾਨ ਕਪਾਹ ਦੀ ਖਰੀਦ ਲਈ ਆਪਣੇ ਸਮਰਥਨ ਦਾ ਭਰੋਸਾ ਵੀ ਦਿਤਾ ਹੈ।
ਭਾਰਤ ਸਰਕਾਰ ਨੇ ਮਾਰਚ ਦੇ ਅਖ਼ੀਰਲੇ ਹਫਤੇ ਸਾਲ 2020 ਲਈ ਬੀਟੀ ਕਪਾਹ ਦੇ ਰੇਟ ਨੋਟੀਫਾਈ ਕੀਤੇ ਹਨ ਅਤੇ ਖੇਤੀਬਾੜੀ ਵਿਭਾਗ ਨੇ 27 ਕੰਪਨੀਆਂ ਨੂੰ ਪੀਏਯੂ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਬੀਟੀ ਕਾਟਨ ਦੀਆਂ ਬੀਜ ਕਿਸਮਾਂ ਅੱਗੇ ਤੁਰੰਤ ਕੰਪਨੀਆਂ ਨੂੰ ਵੇਚਣ ਦੀ ਆਗਿਆ ਦਿਤੀ ਹੈ ਅਤੇ ਜ਼ਿਲ੍ਹਾ ਪਧਰੀ ਖੇਤੀਬਾੜੀ ਅਧਿਕਾਰੀਆਂ ਨੂੰ ਅਪਣੇ ਜ਼ਿਲ੍ਹਿਆਂ ਵਿਚ ਮੰਗ ਅਨੁਸਾਰ ਹੋਰ ਬੀਜ ਆਨਲਾਈਨ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਖੰਨਾ ਨੇ ਅੱਗੇ ਕਿਹਾ ਕਿ ਦੱਖਣੀ ਭਾਰਤ ਦੀਆਂ ਬੀਜ ਤਿਆਰ ਕਰਨ ਵਾਲੀਆਂ ਸਾਰੀਆਂ ਨਾਮੀ ਕੰਪਨੀਆਂ, ਜੋ ਬੀਟੀ ਕਪਾਹ ਦਾ ਬੀਜ ਤਿਆਰ ਕਰਦੀਆਂ ਹਨ, ਨਾਲ ਪੰਜਾਬ ਵਿਚ ਬੀਟੀ ਕਪਾਹ ਦੇ ਬੀਜ ਦੇ 25 ਲੱਖ ਪੈਕਟ ਸਪਲਾਈ ਕਰਨ ਲਈ ਆਨਲਾਈਨ ਸੰਪਰਕ ਕੀਤਾ ਗਿਆ ਹੈ।
ਬਠਿੰਡਾ ਵਿਖੇ ਸੈਂਟਰਲ ਰੇਲ ਪੁਆਇੰਟ ਵਜੋਂ ਸਾਰੀਆਂ ਵੱਡੀਆਂ ਬੀਜ ਕੰਪਨੀਆਂ ਦੇ ਬਫਰ ਗੋਦਾਮ ਹਨ। ਕੰਪਨੀਆਂ ਦੇ ਬਫਰ ਗੋਦਾਮਾਂ ਤੱਕ ਬੀ.ਟੀ. ਕਪਾਹ ਦੇ ਬੀਜਾਂ ਦੀ ਸੁਚੱਜੀ ਸਪਲਾਈ ਅਤੇ ਅੱਗੇ ਬੀਜ ਡੀਲਰਾਂ ਨੂੰ ਸਪਲਾਈ ਲਈ ਜ਼ਿਲ੍ਹਾ ਮੈਜਿਸਟਰੇਟ ਅਤੇ ਸੀ.ਈ.ਓਜ਼ ਜ਼ਰੀਏ ਕੰਪਨੀਆਂ ਨਾਲ ਰੋਜ਼ਾਨਾ ਆਨਲਾਈਨ ਸੰਪਰਕ ਬਣਾਇਆ ਜਾਂਦਾ ਹੈ। ਸਿੱਟੇ ਵਜੋਂ, ਸੂਬਾ ਬੀਟੀ ਕਪਾਹ ਬੀਜ ਦੇ 21 ਲੱਖ ਪੈਕੇਟ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ ਹੈ ਅਤੇ ਬਾਕੀ ਬੀਜ ਕੰਪਨੀਆਂ ਦੁਆਰਾ ਹਰਿਆਣਾ / ਰਾਜਸਥਾਨ ਦੇ ਬਫਰ ਗੋਦਾਮਾਂ ਵਿਚ ਰਾਖਵੇਂ ਰੱਖੇ ਗਏ ਹਨ ਜਾਂ ਟਰਾਂਜਿਟ ਅਧੀਨ ਹਨ। 21 ਲੱਖ ਪੈਕੇਟਾਂ ਵਿੱਚੋਂ 12.75 ਲੱਖ ਪੈਕੇਟ ਡੀਲਰ ਪੁਆਇੰਟਾਂ 'ਤੇ ਪਹੁੰਚਾਏ ਗਏ ਹਨ ਅਤੇ ਕੋਵਿਡ-19 ਦੇ ਮੱਦੇਨਜ਼ਰ ਜਾਰੀ ਐਡਵਾਇਜ਼ਰੀ ਅਨੁਸਾਰ ਬੀਜ ਡੀਲਰਾਂ ਨੇ ਇਨ੍ਹਾਂ ਵਿਚੋਂ 3.25 ਲੱਖ ਪੈਕੇਟ ਕਿਸਾਨਾਂ ਨੂੰ ਘਰ ਘਰ ਪਹੁੰਚਾ ਦਿਤੇ ਹਨ।