
ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਟੀ ਸ੍ਰੀ ਅੰਮ੍ਰਿਤਸਰ, ਕਰੋਨਾ ਕੋਵਿਡ-19 ਐਂਟੀਬਾਡੀ ਟੈਸਟਿੰਗ ਸ਼ੁਰੂ ਕਰਨ ਵਾਲਾ ਪੰਜਾਬ ਦਾ ਪਹਿਲਾ ਕੇਂਦਰ ਬਣ ਗਿਆ।
ਅੰਮ੍ਰਿਤਸਰ, 18 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਟੀ ਸ੍ਰੀ ਅੰਮ੍ਰਿਤਸਰ, ਕਰੋਨਾ ਕੋਵਿਡ-19 ਐਂਟੀਬਾਡੀ ਟੈਸਟਿੰਗ ਸ਼ੁਰੂ ਕਰਨ ਵਾਲਾ ਪੰਜਾਬ ਦਾ ਪਹਿਲਾ ਕੇਂਦਰ ਬਣ ਗਿਆ। ਯੂਨੀਵਰਸਟੀ ਦੇ ਡੀਨ ਡਾ. ਏ.ਪੀ. ਸਿੰਘ ਨੇ ਦਸਿਆ ਕਿ ਸਾਡਾ ਏਜੰਡਾ ਰਾਜ ਵਿਚ ਆਈ.ਸੀ.ਐਮ.ਆਰ. ਦੁਆਰਾ ਪ੍ਰਮਾਣਤ ਕਿੱਟਾਂ ਦੁਆਰਾ ਕੋਵਿਡ-19 ਟੈਸਟ ਕਰਨ ਦੀ ਸਮਰਥਾ ਨੂੰ ਵਧਾਉਣਾ ਹੈ, ਟੈਸਟ ਦੀ ਸੰਵੇਦਨਸ਼ੀਲਤਾ 86.43 ਫ਼ੀ ਸਦੀ ਅਤੇ ਵਿਸ਼ੇਸ਼ਤਾ 99.57 ਫ਼ੀ ਸਦੀ ਹੈ, ਟੈਸਟ ਦਾ ਨਤੀਜਾ 91.61 ਫ਼ੀ ਸਦੀ ਦੀ ਸ਼ੁੱਧਤਾ ਨਾਲ 15 ਮਿੰਟਾਂ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਟੈਸਟ ਸਾਰਸ-ਕੋਵਿ-2 ਵਾਇਰਸ ਨਾਲ ਹੋਣ ਵਾਲੀ ਕੋਰੋਨਾ ਵਾਇਰਸ ਬੀਮਾਰੀ ਦਾ ਡਾਇਗਨੋਜ਼ ਕਰਨ ਲਈ ਕੀਤਾ ਜਾਂਦਾ ਹੈ। ਇਸ ਟੈਸਟ ਵਿਧੀ ਵਿਚ ਪੀੜਤ ਵਿਅਕਤੀ ਦੇ ਖੂਨ ਦਾ ਸੈਂਪਲ ਲਿਆ ਜਾਂਦਾ ਹੈ ਅਤੇ ਟੈਸਟ ਕਰਨ ਉਪਰੰਤ ਇਸ ਦੀ ਰੀਪੋਰਟ ਕੇਵਲ 15 ਮਿੰਟਾਂ ਵਿਚ ਆ ਜਾਂਦੀ ਹੈ। ਯੂਨੀਵਰਸਟੀ ਵਲੋਂ ਕੋਵਿਡ ਟੈਸਟ ਦਾ ਸੈਂਪਲ ਲੈਣ ਲਈ ਇਕ ਖਾਸ ਤਰ੍ਹਾਂ ਦਾ ਚੈਂਬਰ ਵੀ ਤਿਆਰ ਕੀਤਾ ਹੈ ਜਿਸ ਵਿਚ ਮਰੀਜ਼ ਅਤੇ ਸੈਂਪਲ ਲੈਣ ਵਾਲੇ ਵਿਅਕਤੀ ਦਾ ਆਪਸ ਵਿਚ ਵਿਅਕਤੀਗਤ ਸੰਪਰਕ ਨਾਂਹ ਦੇ ਬਰਾਬਰ ਹੁੰਦਾ ਹੈ। ਜਿਸ ਨਾਲ ਕਰੋਨਾ ਵਾਇਰਸ ਦੀ ਚੇਨ ਵੀ ਟੁਟਦੀ ਹੈ।
File photo
ਇਨ੍ਹਾਂ ਟੈਸਟਿੰਗ ਕਿੱਟਾਂ ਨੂੰ ਹਾਲ ਹੀ ਵਿਚ ਆਈ.ਸੀ.ਐਮ.ਆਰ. ਵਲੋਂ ਮਾਨਤਾ ਦਿਤੀ ਗਈ ਹੈ, ਜਿਸ ਵਿਚ ਬਹੁਤ ਹੀ ਘੱਟ ਇਨਫ੍ਰਾਸਟ੍ਰਕਚਰ ਅਤੇ ਮੈਨ ਪਾਵਰ ਦੀ ਲੋੜ ਹੈ। ਡਾ. ਏ.ਪੀ. ਸਿੰਘ ਨੇ ਇਕ ਵਾਰ ਵਾਇਰਸ ਦੀ ਲਪੇਟ ਵਿਚ ਆਏ ਲੋਕਾਂ ਦੀ ਇਮਿਊਨਿਟੀ ਪੀਰੀਅਡ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਬੰਧੀ ਹਾਲੇ ਤਕ ਕੋਈ ਖੋਜ ਨਹੀਂ ਹੋਈ ਹੈ ਕਿ ਇਕ ਵਾਰ ਕੋਰੋਨਾ ਵਾਇਰਸ ਠੀਕ ਹੋਣ ਉਪਰੰਤ ਕਦ ਤਕ ਪਬਲਿਕ ਵਿਚ ਰੋਗ-ਪ੍ਰਤੀਰੋਗ ਸਮਰਥਾ ਪੈਦਾ ਹੋਵੇਗੀ,
ਲੇਕਿਨ ਜੇਕਰ ਅਸੀਂ ਇਤਿਹਾਸ ਵਿਚ ਝਾਤ ਮਾਰੀਏ ਤਾਂ ਸਾਲ 2003 ਵਿਚ ਸਾਰਸ (ਸਾਹ ਸਬੰਧੀ ਰੋਗ) ਤੋਂ ਗ੍ਰਸਤ ਹੋਣ ਤੋਂ ਬਾਅਦ ਠੀਕ ਹੋਣ ’ਤੇ ਉਸ ਵਿਅਕਤੀ ਦੇ ਖੂਨ ਵਿਚ ਐਂਟੀਬਾਡੀਜ ਸਾਲਾਂ ਤਕ ਮੌਜੂਦ ਰਹੀਆਂ। ਪਰ ਕੋਰੋਨਾ ਸਬੰਧੀ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਵੱਖ ਵੱਖ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਕੋਰੋਨਾ ਪੀੜਤ ਮਰੀਜ਼ ਇਕ ਵਾਰ ਠੀਕ ਹੋਣ ਉਪਰੰਤ ਕਈ ਮਰੀਜ਼ ਦੁਬਾਰਾ ਵੀ ਇਸ ਦੀ ਲਪੇਟ ਵਿੱਚ ਆਏ ਹਨ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਮਰੀਜ਼ਾਂ ਵਿਚ ਕੋਈ ਵੀ ਇਮਿਊਨਟੀ ਨਹੀਂ ਬਣੀ।