
ਮੈਨੂੰ ਪੁੱਛਦੇ ਨੇ ਬਾਈ ਕੀ ਖ਼ੁਦ ਵੀ ਚਿੱਟਾ ਲੈਂਦੀ ਸੀ? ਮੇਰੀਆਂ ਫ਼ੋਟੋਆਂ ਵਾਇਰਲ ਕਰਦੇ ਨੇ : ਦਰਸ਼ਨਜੀਤ ਸਿੰਘ
2 ਅਪ੍ਰੈਲ ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17.71 ਗ੍ਰਾਮ ਚਿੱਟੇ ਨਾਲ ਗ੍ਰਿਫ਼ਤਾਰ ਕੀਤੀ ਗਈ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਂਸਟੇਬਲ ਅਮਨਦੀਪ ਕੌਰ ਦੀ ਪਹਿਚਾਣ ਨਿਵਾਸੀ ਪਿੰਡ ਚੱਕ ਫ਼ਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਸੀ। ਪੁਲਿਸ ਨੇ ਮੁਲਜ਼ਮ ਅਮਨਦੀਪ ਕੌਰ ਵਿਰੁਧ ਥਾਣਾ ਕੇਨਾਲ ’ਚ ਮੁਕੱਦਮਾ ਦਰਜ ਕੀਤਾ ਸੀ। ਜਿਸ ਨੂੰ ਚਿੱਟਾ ਵੇਚਣ ਦੇ ਮਾਮਲੇ ਵਿਚ ਚਿੱਟੇ ਤੇ ਥਾਰ ਗੱਡੀ ਸਮੇਤ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਕਾਂਸਟੇਬਲ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਵੀ ਲਿਆ ਗਿਆ ਸੀ।
ਇਸ ਤੋਂ ਬਾਅਦ ਹੁਣ ਪੰਜਾਬ ਵਿਚ ਇਕ ਗੀਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਗਾਇਕ ਦਰਸ਼ਨਜੀਤ ਸਿੰਘ ਨੇ ਗਾਇਆ ਸੀ ਤੇ ਉਹੋ ‘ਵਾਈਸ ਆਫ਼ ਪੰਜਾਬ’ ਵਿਚ ਜੇਤੂ ਰਹੇ ਸਨ। ਦਸ ਦਈਏ ਕਿ ਦਰਸ਼ਨਜੀਤ ਸਿੰਘ ਦੇ ਗਾਣੇ ਵਿਚ ਕਾਂਸਟੇਬਲ ਅਮਨਦੀਪ ਕੌਰ ਨੇ ਅਦਾਕਾਰ ਦੇ ਤੌਰ ’ਤੇ ਕੰਮ ਕੀਤਾ ਸੀ। ਜਿਸ ਕਰ ਕੇ ਪੰਜਾਬ ਦੇ ਲੋਕਾਂ ਨੇ ਦਰਸ਼ਨਜੀਤ ਸਿੰਘ ਦਾ ਨਾਮ ਵੀ ਚਿੱਟਾ ਵੇਚਣ ਵਾਲੀ ਕਾਂਸਟੇਬਲ ਨਾਲ ਜੋੜਨਾ ਸ਼ੁਰੂ ਕਰ ਦਿਤਾ ਕਿ ਤੁਸੀਂ ਦਸੋ ਉਸ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ, ਚਿੱਟਾ ਲਾਉਂਦੀ ਸੀ ਕਿ ਨਹੀਂ, ਤੁਹਾਨੂੰ ਉਸ ਨਾਲ ਕੰਮ ਕਰ ਕੇ ਕਿਸ ਤਰ੍ਹਾਂ ਲਗਿਆ ਆਦਿ।
ਇਸੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਗਾਇਕ ਦਰਸ਼ਨਜੀਤ ਸਿੰਘ ਨੇ ਕਿਹਾ ਕਿ ਮੈਂ ਅੱਜ ਤੋਂ ਗਾਣੇ ਨਹੀਂ ਗਾ ਰਿਹਾ ਮੈ 20-25 ਸਾਲਾਂ ਤੋਂ ਗਾਣੇ ਗਾ ਰਿਹਾ ਹੈ। ਪਹਿਲਾਂ ਤਾਂ ਮੈਨੂੰ ਕਿਸੇ ਨੇ ਫ਼ੋਨ ਕਰ ਕੇ ਨਹੀਂ ਕਿਹਾ ਕਿ ਤੁਹਾਡੇ ਵਲੋਂ ਗਾਇਆ ਗਾਣਾ ਬਹੁਤ ਵਧੀਆ ਹੈ, ਹੁਣ ਜਣਾ ਖਣਾ ਫ਼ੋਨ ਕਰ ਕੇ ਚਿੱਟੇ ਵਾਲੀ ਬਾਰੇ ਪੁੱਛਦਾ ਹੈ। ਮੈਂ 3 ਸਾਲ ਪਹਿਲਾਂ ਅਮਨਦੀਪ ਕੌਰ ਨੂੰ ਆਪਣੇ ਗਾਣੇ ‘ਜੱਟ ਨੂੰ ਨੀਂਦ ਨਾ ਆਈ’ ਵਿਚ ਅਦਾਕਾਰ ਦੇ ਤੌਰ ’ਤੇ ਲਿਆ ਸੀ ਤੇ ਉਸ ਸਮੇਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹ ਪੁਲਿਸ ਵਿਚ ਹੈ।
ਹੁਣ ਉਹ ਚਿੱਟੇ ਦੇ ਕੇਸ ਵਿਚ ਫਸ ਗਈ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਸਹੀ ਹੈ ਜਾਂ ਗ਼ਲਤ ਇਹ ਤਾਂ ਅਦਾਲਤ ਨੇ ਫ਼ੈਸਲਾ ਕਰਨਾ ਹੈ। ਹੁਣ ਲੋਕ ਮੈਨੂੰ ਫ਼ੋਨ ਕਰ ਕੇ ਸਵਾਦ ਲੈਂਦੇ ਹਨ। ਲੋਕ ਮੇਰੀ ਤੇ ਅਮਨਦੀਪ ਦੀ ਫ਼ੋਟੋਆਂ ਲਗਾ ਕੇ ਵੀਡੀਉਜ਼ ਪਾ ਰਹੇ ਹਨ ਸਿਰਫ਼ ਵਿਊ ਪਾਉਣ ਲਈ। ਉਨ੍ਹਾਂ ਕਿਹਾ ਕਿ ਮੈਂ ਕਿਹੜਾ ਅਮਨਦੀਪ ਦਾ ਸਕੈਨ ਕਰ ਲਿਆ ਸੀ ਕਿ ਉਹ ਚਿੱਟਾ ਵੇਚਦੀ ਹੈ। ਕਈ ਲੋਕਾਂ ਨੇ ਤਾਂ ਮੇਰੀਆਂ ਫ਼ੋਟੋਆਂ ਉਸ ਨਾਲ ਜੋੜ ਕੇ ਪਾ ਦਿਤੀਆਂ ਜਿਵੇਂ ਮੈਂ ਉਸ ਦੇ ਨਾਲ ਫੜਿਆ ਗਿਆ ਹੋਵਾਂ।
ਪਹਿਲਾਂ ਮੈਨੂੰ ਫ਼ੋਨ ਉਨ੍ਹਾਂ ਦੇ ਆਉਂਦੇ ਸੀ ਜਿਸ ਨੇ ਕੋਈ ਪ੍ਰੋਗਰਾਮ ਕਰਵਾਉਣਾ ਹੁੰਦਾ ਸੀ, ਪਰ ਹੁਣ ਤਾਂ ਫ਼ੋਨ ਚੁੱਕਦੇ ਵੀ 100 ਵਾਰ ਸੋਚਦਾ ਹਾਂ, ਜਿੰਨੇ ਫ਼ੋਨ ਆਉਂਦੇ ਹਨ, ਸਾਰੇ ਸਵਾਦ ਲੈਣ ਵਾਲਿਆਂ ਦੇ ਆਉਂਦੇ ਹਨ। ਇਨ੍ਹਾਂ ਲੋਕਾਂ ਨੇ ਤਾਂ ਮੇਰਾ ਕੰਮਕਾਰ ਵੀ ਠੱਪ ਕਰ ਕੇ ਰੱਖ ਦਿਤਾ ਹੈ। ਮੇਰੇ ਕਈ ਗਾਣੇ ਨਸ਼ਿਆਂ ਵਿਰੁਧ ਗਾਏ ਹੋਏ ਕਿਸੇ ਨੇ ਪ੍ਰਮੋਟ ਹੀ ਨਹੀਂ ਕੀਤੇ, ਜਿਸ ਕੋਲ ਵੀ ਜਾਂਦਾ ਉਹ ਕਹਿੰਦਾ ਤੁਹਾਡਾ ਇਹ ਗਾਣਾ ਤਾਂ ਨਸ਼ਿਆਂ ਵਿਰੁਧ ਹੈ ਕੋਈ ਨਸ਼ਿਆਂ ਵਾਲਾ ਗਾਣਾ ਲੈ ਕੇ ਆਉ ਤਾਂ ਪ੍ਰਮੋਟ ਕਰਾਂਗੇ। ਪੰਜਾਬੀਆਂ ਦੀ ਸੋਚ ਗ਼ਲਤ ਹੋ ਗਈ ਹੈ ਚੰਗੀ ਚੀਜ਼ ਨਹੀਂ ਦੇਖਣਗੇ, ਮਾੜੀ ਚੀਜ਼ ਨੂੰ ਭੱਜ ਕੇ ਦੇਖਣਗੇ।
ਮੇਰੇ ਇਕ ਗਾਣੇ ਕਰ ਕੇ ਲੋਕਾਂ ਨੇ ਮੈਨੂੰ ਚਿੱਟੇ ਨਾਲ ਜੋੜ ਕੇ ਰੱਖ ਦਿਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰ ਕੇ ਮੇਰੇ ਗਾਣਿਆਂ ਨੂੰ ਸੁਣੋ ਨਾ ਕੇ ਮੇਰਾ ਨਾਮ ਅਜਿਹੇ ਗ਼ਲਤ ਕੰਮਾਂ ਨਾਲ ਜੋੜੋ। ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਤੇ ਮੇਰੇ ਗਾਣਿਆਂ ਨੂੰ ਬਹੁਤ ਪਿਆਰ ਦਿਤਾ ਹੈ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਪਰ ਮੇਰਾਂ ਨਾਲ ਅਜਿਹੇ ਮੁੱਦਿਆਂ ਨਾਲ ਜੋੜ ਕੇ ਮੇਰੀ ਦਿੱਖ ਖ਼ਰਾਬ ਨਾ ਕਰੋ ਜਿਸ ਨਾਲ ਮੇਰਾ ਭਵਿੱਖ ਖ਼ਰਾਬ ਹੋ ਜਾਵੇ।