
ਚੋਣ ਜ਼ਾਬਤੇ ਦੀ ਉਲੰਘਣਾ ਵਜੋਂ ਲਿਆ ਜਾ ਰਿਹਾ ਸੀ ਇਹ ਟਵੀਟ
ਪਠਾਨਕੋਟ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਪਹਿਲਾਂ ਟਵੀਟ ਕਰ ਕੇ ਪੰਜਾਬ ਦੀ ਜਨਤਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਪਰ ਬਾਅਦ ’ਚ ਉਸ ਨੂੰ ਡਿਲੀਟ ਕਰ ਦਿੱਤਾ। ਦਰਅਸਲ, ਉਸ ਟਵੀਟ ਦਾ ਨੋਟਿਸ ਭਾਰਤੀ ਜਨਤਾ ਪਾਰਟੀ ਨੇ ਲੈ ਲਿਆ ਸੀ ਤੇ ਇਸ ਨੂੰ ਮੁੱਖ ਮੰਤਰੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਵਜੋਂ ਲਿਆ ਜਾ ਰਿਹਾ ਸੀ। ਇਸੇ ਲਈ ਬਾਅਦ ’ਚ ਉਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ।
Captain Appealed For Voting Through a Tweet But Soon Deleted
ਪਰ ਤਦ ਤੱਕ ਭਾਜਪਾ ਨੇ ਉਸ ਦਾ ਸਕ੍ਰੀਨ–ਸ਼ਾਟ ਵੀ ਲੈ ਲਿਆ ਸੀ ਕਿ ਤਾਂ ਜੋ ਉਸ ਨੂੰ ਕਦੇ ਬਾਅਦ ਵਿਚ ਕਾਂਗਰਸ ਵਿਰੁੱਧ ਵਰਤਿਆ ਜਾ ਸਕੇ। ਕੈਪਟਨ ਨੇ ਆਪਣੇ ਉਸ ਟਵੀਟ ਵਿਚ ਵੋਟਰਾਂ ਨੂੰ ਕਿਹਾ ਸੀ ਕਿ ਉਹ ਆਪਣੇ ਵੋਟ ਦੀ ਵਰਤੋਂ ਭਾਰਤ ਦੇ ਧਰਮ–ਨਿਰਪੱਖ ਢਾਂਚੇ ਨੂੰ ਸੁਰੱਖਿਅਤ ਰੱਖਣ ਲਈ ਕਰਨ ਤੇ ਇਸੇ ਗੱਲ ਨੂੰ ਯਕੀਨੀ ਬਣਾਉਣ ਲਈ ਉਹ ਕਾਂਗਰਸ ਤੇ ਭਾਜਪਾ ਵਿਚੋਂ ਕਿਸੇ ਇੱਕ ਦੀ ਚੋਣ ਕਰਨ।
ਕੈਪਟਨ ਨੇ ਕਿਹਾ ਸੀ ਕਿ ਭਾਰਤ ਦਾ ਧਰਮ–ਨਿਰਪੱਖ ਤਾਣਾ–ਬਾਣਾ ਇਸ ਵੇਲੇ ਨਫ਼ਰਤ ਫੈਲਾਉਣ ਵਾਲੀਆਂ ਤੇ ਫੁੱਟ–ਪਾਊ ਤਾਕਤਾਂ ਕਾਰਨ ਖ਼ਤਰੇ ਵਿਚ ਹੈ। ਪਠਾਨਕੋਟ ਜ਼ਿਲ੍ਹੇ ਦੇ ਭਾਜਪਾ ਮੀਡੀਆ ਇੰਚਾਰਜ ਪ੍ਰਦੀਪ ਰੈਨਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਟਵੀਟ ਸੇਵ ਕਰ ਕੇ ਰੱਖਿਆ ਹੋਇਆ ਹੈ ਤੇ ਉਹ ਮੁੱਖ ਮੰਤਰੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਇਸ ਨੂੰ ਵਰਤਣਗੇ।