
ਸ਼ਹਿਰ ਵਿਚ ਗ਼ੈਰਕਾਨੂੰਨੀ ਉਸਾਰੀ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਰਵਾਈ ਤੋਂ ਬਾਅਦ ਬਣੇ ਹਲਾਤ ਦੀ ਗੂੰਜ
ਜਲੰਧਰ, ਸ਼ਹਿਰ ਵਿਚ ਗ਼ੈਰਕਾਨੂੰਨੀ ਉਸਾਰੀ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਰਵਾਈ ਤੋਂ ਬਾਅਦ ਬਣੇ ਹਲਾਤ ਦੀ ਗੂੰਜ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਗਈ ਹੈ। ਸੀਐਮਓ ਨੇ ਸ਼ਹਿਰ ਵਿਚ ਗ਼ੈਰ ਕਾਨੂੰਨੀ ਉਸਾਰੀ ਤੋੜਨ ਦੇ ਸਿੱਧੂ ਦੇ ਹੁਕਮਾਂ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਦੂਜੇ ਪਾਸੇ, ਸਿੱਧੂ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਇਥੇ ਸੰਸਦ ਚੌਧਰੀ ਸੰਤੋਖ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਬੈਠਕ 'ਚ ਆਪਣੀ ਨਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਲੋਕਾਂ ਲਈ ਸਹੀ ਨੀਤੀ ਲੈ ਕੇ ਆਏ, ਫਿਰ ਕਾਰਵਾਈ ਕਰੇ।
Navjot Sidhu
ਪੀਏਪੀ ਵਿੱਚ ਦੋ ਘੰਟੇ ਚੱਲੀ ਬੈਠਕ ਵਿਚ ਪਰਗਟ ਸਿੰਘ ਨੂੰ ਛੱਡ ਹੋਰ ਵਿਧਾਇਕਾਂ ਨੇ ਕਾਰਵਾਈ ਦਾ ਵਿਰੋਧ ਕੀਤਾ। ਪੀਏਪੀ ਕੰਪਲੈਕਸ ਵਿਚ ਹੋਈ ਬੈਠਕ ਵਿਚ ਸ਼ਾਮਲ ਇਕ ਵਿਧਾਇਕ ਨੇ ਦੱਸਿਆ ਕਿ ਅਗਲੇ ਇੱਕ-ਦੋ ਦਿਨ ਵਿਚ ਸਾਰੇ ਵਿਧਾਇਕ ਸਿੱਧੂ ਦੇ ਨਾਲ ਬੈਠਕ ਕਰਕੇ ਇਸ ਮਾਮਲੇ ਉੱਤੇ ਚਰਚਾ ਕਰਨਗੇ। ਬੈਠਕ ਵਿਚ ਪਰਗਟ ਸਿੰਘ ਨੇ ਕਿਹਾ ਕਿ ਉਹ ਦੌਰੇ ਦੇ ਸਮੇਂ ਸਿੱਧੂ ਦੇ ਨਾਲ ਰਹੇ, ਪਰ ਕਿਸੇ ਵੀ ਹਲਕੇ 'ਚ ਕਾਰਵਾਈ ਵਿਚ ਉਨ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ। ਆਪਣੇ ਆਪ ਉਨ੍ਹਾਂ ਦੇ ਹਲਕੇ ਵਿਚ ਜੋ ਕਾਰਵਾਈ ਹੋਈ ਹੈ ਉਸਨੂੰ ਵੀ ਉਹ ਸਹੀ ਠਹਿਰਾਉਂਦੇ ਹਨ।
Capt. Amarinder Singhਬੈਠਕ ਵਿਚ ਸ਼ਾਮਿਲ ਇੱਕ ਵਿਧਾਇਕ ਨੇ ਦੱਸਿਆ ਕਿ ਪਰਗਟ ਸਿੰਘ ਅਤੇ ਇੱਕ ਹੋਰ ਵਿਧਾਇਕ ਵਿਚ ਥੋੜੀ ਬਹਿਸ ਹੋਈ। ਬੈਠਕ ਵਿਚ ਸੰਸਦ ਚੌਧਰੀ ਸੰਤੋਖ ਸਿੰਘ, ਮੇਅਰ ਜਗਦੀਸ਼ ਰਾਜਾ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਰਜਿੰਦਰ ਬੇਰੀ ਅਤੇ ਵਿਧਾਇਕ ਸੁਸ਼ੀਲ ਰਿੰਕੂ ਤੋਂ ਇਲਾਵਾ ਸੀਪੀ ਪੀਕੇ ਸਿੰਹਾ, ਨਿਗਮ ਕਮਿਸ਼ਨਰ ਬਸੰਤ ਗਰਗ ਅਤੇ ਡੀਸੀ ਵਡਕਸ਼ਰਦਰ ਕੁਮਾਰ ਸ਼ਰਮਾ ਮੌਜੂਦ ਸਨ।
ਸੂਤਰਾਂ ਦੇ ਮੁਤਾਬਕ, ਤਿੰਨ ਵਿਧਾਇਕ ਜੋ ਸਿੱਧੂ ਦੇ ਫੈਸਲੇ ਨਾਲ ਸਹਿਮਤ ਨਹੀਂ ਉਹ ਸਿਧੇ ਰੂਪ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰ ਕੇ ਸਿੱਧੂ ਦੀ ਸ਼ਿਕਾਇਤ ਕਰਨਾ ਚਾਹੁੰਦੇ ਸਨ। ਇਨ੍ਹਾਂ ਨਰਾਜ਼ ਵਿਧਾਇਕਾਂ ਨੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਵੀ ਕੀਤਾ ਸੀ, ਪਰ ਸੀਐਮ ਦਫ਼ਤਰ ਨੇ ਵਿਧਾਇਕਾਂ ਨੂੰ ਸਪਸ਼ਟ ਕਿਹਾ ਕਿ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੀ ਮਿਲਣਾ ਹੋਵੇਗਾ। ਮੰਤਰੀ ਨਾਲ ਮਿਲਕੇ ਉਹ ਆਪਣਾ ਪੱਖ ਰੱਖਣ। ਇਸ ਦੇ ਬਾਵਜੂਦ ਵੀ ਜੇ ਕੋਈ ਹੱਲ ਨਹੀਂ ਨਿਕਲਦਾ ਹੈ ਤਾਂ ਵਿਧਾਇਕ ਮੁੱਖ ਮੰਤਰੀ ਨੂੰ ਵੀ ਮਿਲ ਸਕਦੇ ਹਨ।
Captain Amrinder Singhਸੰਸਦ ਚੌਧਰੀ ਸੰਤੋਖ ਸਿੰਘ ਦਾ ਕਹਿਣਾ ਹੈ ਕਿ "ਬੈਠਕ ਵਿਚ ਪਰਗਟ ਸਿੰਘ ਨਾਲ ਨਰਾਜ਼ਗੀ ਜਤਾਉਣ ਵਰਗੀ ਕੋਈ ਗੱਲ ਨਹੀਂ ਹੋਈ। ਫ਼ੈਸਲਾ ਲਿਆ ਗਿਆ ਹੈ ਕਿ ਵਿਧਾਇਕ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਇਸ ਮਸਲੇ ਦਾ ਹਲ ਲੱਭਣਗੇ। ਵਿਧਾਇਕ ਜਲੰਧਰ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ "ਬੈਠਕ ਦੌਰਾਨ ਹਾਲ ਹੀ ਵਿਚ ਸ਼ਹਿਰ ਵਿਚ ਹੋਈ ਕਾਰਵਾਈ ਉੱਤੇ ਚਰਚਾ ਹੋਈ। ਉਨ੍ਹਾਂ ਨਾਲ ਹੀ ਕਿਹਾ ਕਿ ਨਰਾਜ਼ਗੀ ਵਰਗੀ ਕੋਈ ਗੱਲ ਨਹੀਂ ਸੀ। ਪੂਰੇ ਮਾਮਲੇ ਵਿਚ ਹੁਣ ਸਥਾਨਕ ਸਰਕਾਰਾਂ ਮੰਤਰੀ ਨਾਲ ਚਰਚਾ ਹੋਵੇਗੀ ਅਤੇ ਵਿਧਾਇਕ ਪਰਗਟ ਸਿੰਘ ਨਾਲ ਨਰਾਜ਼ਗੀ ਨਹੀਂ ਹੈ।
Navjot sidhuਵਿਧਾਇਕ ਜਲੰਧਰ ਰਜਿੰਦਰ ਬੇਰੀ ਨੇ ਮਾਮਲੇ ਤੇ ਬੋਲਦਿਆਂ ਕਿਹਾ ਕਿ "ਸਿੱਧੂ ਦੀ ਕਾਰਵਾਈ ਉੱਤੇ ਜ਼ਿਆਦਾ ਚਰਚਾ ਨਹੀਂ ਹੋਈ। ਉਨ੍ਹਾਂ ਇਸ ਮਸਲੇ ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ 'ਤੇ ਅਗਲੇ ਇੱਕ-ਦੋ ਦਿਨਾਂ ਵਿਚ ਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਚਰਚਾ ਕਰ ਕੇ ਉਹ ਅਤੇ ਹੋਰ ਵਿਧਾਇਕ ਅਪਣਾ ਪੱਖ ਰੱਖਣਗੇ। ਜਲੰਧਰ ਤੋਂ ਵਿਧਾਇਕ ਬਾਵਾ ਹੇਨਰੀ ਨੇ ਕਿਹਾ ਕਿ ਨਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੋਈ। ਇਸ ਤਰ੍ਹਾਂ ਦੀ ਬੈਠਕ ਵਿਚ ਹਰ ਵਿਧਾਇਕ ਅਪਣੇ ਹਲਕੇ ਜਾਂ ਸ਼ਹਿਰ ਦੇ ਵਿਕਾਸ ਦੀ ਗੱਲ ਰੱਖਦਾ ਹੈ ਇਸ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ।