
ਜੂਨ ਦੇ ਆਖਰੀ ਹਫ਼ਤੇ ਤੱਕ 114 ਹੋਰ ਨਰਸਾਂ ਭਰਤੀ ਕੀਤੀਆਂ ਜਾਣਗੀਆਂ
ਚੰਡੀਗੜ੍ਹ : ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਤੌਰ 'ਤੇ ਸਰਹੱਦੀ ਤੇ ਦੂਰ ਦਰਾਡੇ ਦੇ ਇਲਾਕਿਆਂ ਵਿਚ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਮੈਡੀਕਲ ਅਫ਼ਸਰਾਂ ਦੀ ਡੈਪੂਟੇਸ਼ਨ ਨੂੰ ਰੱਦ ਕੀਤਾ ਜਾਵੇਗਾ। ਇਹ ਆਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁਧਵਾਰ ਨੂੰ ਕਲਿਆਣ ਭਵਨ ਵਿਖੇ ਸਮੂਹ ਸਿਵਲ ਸਰਜਨਾਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ਦਿੱਤੇ।
Balbir Singh Sidhu meeting with all civil surgeons
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਵਲ ਸਰਜਨ ਇਹ ਯਕੀਨੀ ਬਣਾਉਣ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਕੇਵਲ ਜਨ ਔਸ਼ਦੀ ਕੇਂਦਰ ਵਿਚ ਮਿਲਣ ਵਾਲੀਆਂ ਹੀ ਦਵਾਈਆਂ ਮਰੀਜ਼ਾਂ ਨੂੰ ਲ਼ਿਖਣ ਤਾਂ ਜੋ ਲੋੜਵੰਦ ਲੋਕਾਂ ਨੂੰ ਆਪਣੀ ਜੇਬ ਵਿਚੋਂ ਪੈਸਾ ਖਰਚ ਕੇ ਪ੍ਰਾਇਵੇਟ ਕੈਮਿਸਟਾਂ ਕੋਲ ਦਵਾਈਆਂ ਨਾ ਖਰੀਦਣੀਆਂ ਪੈਣ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦੀ ਕਾਰਗੁਜ਼ਾਰੀ ਵਿਚ ਹੋਰ ਸੁਧਾਰ ਲਿਆਉਣ ਲਈ ਪਿਛਲੇ ਮਹੀਨੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ 535 ਨਰਸਾਂ (ਏ.ਐਨ.ਐਮ) ਨੂੰ ਭਰਤੀ ਕੀਤਾ ਗਿਆ ਹੈ ਅਤੇ ਜੂਨ ਦੇ ਆਖਰੀ ਹਫ਼ਤੇ ਤੱਕ 114 ਹੋਰ ਨਰਸਾਂ ਭਰਤੀ ਕੀਤੀਆਂ ਜਾਣਗੀਆਂ।
Balbir Singh Sidhu meeting with all civil surgeons
ਸਿਹਤ ਮੰਤਰੀ ਨੇ ਜ਼ਿਲ੍ਹਾਵਾਰ ਸਿਵਲ ਸਰਜਨਾਂ ਤੋਂ ਸਪੈਸ਼ਲਿਸਟਾਂ ਤੇ ਹੋਰ ਪੈਰਾ ਮੈਡੀਕਲ ਸਟਾਫ਼ ਦੀਆਂ ਖਾਲੀ ਪਈਆਂ ਆਸਮੀਆਂ ਦੀ ਵੀ ਜਾਣਕਾਰੀ ਲਈ ਤੇ ਇਕ ਹਫ਼ਤੇ ਤੱਕ ਸਾਰੀਆਂ ਖਾਲੀ ਅਸਾਮੀਆਂ ਦਾ ਵੇਰਵਾ ਭੇਜਣ ਲਈ ਕਿਹਾ। ਜਿਸ ਉਪਰੰਤ ਸਿਹਤ ਵਿਭਾਗ ਖਾਲੀ ਪਈ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰੇਗਾ।
Balbir Singh Sidhu meeting with all civil surgeons
ਸਿੱਧੂ ਨੇ ਹੈਲਥ ਤੇ ਵੈਲਨੈੱਸ ਕੇਂਦਰਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਸਥਾਪਨਾ 13 ਅਹਿਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਹੈ ਅਤੇ ਹੁਣ ਤੱਕ 847 ਕੇਂਦਰ ਸਥਾਪਤ ਕਰ ਦਿੱਤੇ ਗਏ ਹਨ ਜਿਸ ਲਈ 419 ਕਮਿਊਨਟੀ ਹੈਲਥ ਅਫ਼ਸਰ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਸਤ 2019 ਤੱਕ ਨਵੇਂ 553 ਕਮਿਊਨਟੀ ਹੈਲਥ ਅਫ਼ਸਰਾਂ ਨੂੰ ਵੈੱਲਨੈੱਸ ਕੇਂਦਰਾਂ 'ਤੇ ਨਿਯੁਕਤ ਕੀਤਾ ਜਾਵੇਗਾ। ਮਰੀਜ਼ਾਂ ਦਾ ਵੇਰਵਾ ਆਨਲਾਈਨ ਕਰਨ ਲਈ ਕਮਿਊਨਟੀ ਹੈਲਥ ਅਫ਼ਸਰ ਨੂੰ ਜਲਦ ਕੰਪਿਊਟਰ ਵੀ ਉਪਲਬਧ ਕਰਵਾਏ ਜਾਣਗੇ।