
‘ਬਾਬੇ ਦਾ ਢਾਬਾ’ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ ’ਚ ਦਾਖ਼ਲ
ਨਵੀਂ ਦਿੱਲੀ, 18 ਜੂਨ : ‘ਬਾਬੇ ਦਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਵੀਰਵਾਰ ਨੂੰ ਅਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਹਾਲ ਹੀ ਵਿਚ ਉਨ੍ਹਾਂ ਨੇ ਉਸ ਯੂ-ਟਿਊਬਰ ਤੋਂ ਮੁਆਫੀ ਮੰਗੀ ਸੀ, ਜਿਨ੍ਹਾਂ ਨੇ ਪਹਿਲੇ ਤਾਲਾਬੰਦੀ ਦੇ ਸਮੇਂ ਬਾਬੇ ਦਾ ਵੀਡੀਉ ਬਣਾਇਆ ਸੀ ਅਤੇ ਉਹ ਰਾਤੋ-ਰਾਤ ਮਸ਼ਹੂਰ ਹੋ ਗਏ ਸਨ।
ਇਕ ਨਿਊਜ਼ ਏਜੰਸੀ ਨੇ ਦਸਿਆ ਕਿ ਕਾਂਤਾ ਪ੍ਰਸਾਦ ਨੇ ਵੀਰਵਾਰ ਰਾਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਨੀਂਦ ਦੀਆਂ ਗੋਲੀਆਂ ਖਾਧੀਆਂ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ। ਰਿਪੋਰਟ ਅਨੁਸਾਰ, ਕਾਂਤਾ ਪ੍ਰਸਾਦ ਨੂੰ ਤੁਰਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭਰ ਦੱਸੀ ਜਾ ਰਹੀ ਹੈ। ਪੁਲਿਸ ਹਸਪਤਾਲ ਪਹੁੰਚੀ ਅਤੇ ਐਮਐਲਸੀ (ਡਾਕਟਰੀ ਕਾਨੂੰਨੀ ਮਾਮਲਾ) ਕਾਗ਼ਜ਼ਾਤ ਲਏ, ਜਿਸ ਵਿਚ ਅਚੇਤ ਹੋਣ ਦਾ ਕਾਰਨ ਸ਼ਰਾਬ ਅਤੇ ਨੀਂਦ ਦੀਆਂ ਗੋਲੀਆਂ ਨੂੰ ਦਸਿਆ ਗਿਆ ਹੈ। ਪ੍ਰਸਾਦ ਦੇ ਪੁੱਤਰ ਕਰਨ ਦਾ ਬਿਆਨ ਦਰਜ ਕੀਤਾ ਗਿਆ ਹੈ। ਕਰਨ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਨੇ ਨੀਂਦ ਦੀਆਂ ਗੋਲੀਆਂ ਨਾਲ ਸ਼ਰਾਬ ਪੀਤੀ ਸੀ। ਮਾਮਲੇ ਵਿਚ ਅੱਗੇ ਜਾਂਚ ਚਲ ਰਹੀ ਹੈ।
ਕਾਂਤਾ ਪ੍ਰਸਾਦ ਸੋਸ਼ਲ ਮੀਡੀਆ ’ਤੇ ਇਕ ਵਾਇਰਲ ਵੀਡੀਉ ਰਾਹੀਂ ਦੇਸ਼ ਭਰ ਵਿਚ ਚਰਚਾ ’ਚ ਆਏ ਸਨ। ਉਨ੍ਹਾਂ ਦੀ ਮਦਦ ਲਈ ਕਈ ਲੋਕਾਂ ਨੇ ਮਦਦ ਦਾ ਹੱਥ ਵਧਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਆਰਥਕ ਸਥਿਤੀ ਕਾਫੀ ਬਿਹਤਰ ਹੋ ਗਈ ਸੀ। ਕਾਂਤਾ ਪ੍ਰਸਾਦ ਨੇ ਨਵਾਂ ਰੈਸਟੋਰੈਂਟ ਖੋਲ੍ਹ ਲਿਆ ਸੀ ਪਰ ਉਹ ਕਰੀਬ 4 ਮਹੀਨੇ ਪਹਿਲਾਂ ਬੰਦ ਹੋ ਗਿਆ। ਯੂ ਟਿਊਬਰ ਗੌਰਵ ਵਾਸਨ ਨੇ ਇਹ ਵੀਡੀਉ ਬਣਾਈ ਸੀ ਜਿਨ੍ਹਾਂ ’ਤੇ ਬਾਅਦ ਵਿਚ ਬਾਬੇ ਨੇ ਮਿਲੇ ਚੰਦੇ ਵਿਚ ਗ਼ਬਨ ਕਰਨ ਦਾ ਦੋਸ਼ ਲਗਾਇਆ ਸੀ।