
ਐਨ.ਆਰ.ਆਈ. ਔਰਤ ਨੇ ਦਸਿਆ ਖ਼ੁਦ ਨੂੰ ਕੋਠੀ ਦੀ ਮਾਲਕਣ, ਅਸ਼ੋਕ ਕੁਮਾਰ 'ਤੇ ਐਫ਼/ਆਈ.ਆਰ. ਦਰਜ
ਲੁਧਿਆਣਾ : ਜਗਰਾਉਂ ਤੋਂ 'ਆਪ' ਵਿਧਾਇਕਾ ਸਰਵਜੀਤ ਕੌਰ ਮਾਣੂਕੇ ਦੀ ਵਿਵਾਦਿਤ ਕੋਠੀ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਕ ਐਨ.ਆਰ.ਆਈ. ਬਜ਼ੁਰਗ ਔਰਤ ਅਮਰਜੀਤ ਕੌਰ ਅਤੇ ਉਸ ਦੀ ਨੂੰਹ ਕੁਲਦੀਪ ਕੌਰ ਨੇ ਅਪਣੇ ਆਪ ਨੂੰ ਕੋਠੀ ਦੇ ਅਸਲ ਮਾਲਕ ਹੋਣ ਦਾ ਦਾਅਵਾ ਕੀਤਾ ਹੈ।
ਦੂਜੇ ਪਾਸੇ ‘ਆਪ’ ਵਿਧਾਇਕ ਮਾਣੂਕੇ ਨੇ ਕਰਮ ਸਿੰਘ ਨੂੰ ਕੋਠੀ ਦਾ ਮਾਲਕ ਦਸਿਆ ਸੀ ਪਰ ਹੁਣ ਕਰਮ ਸਿੰਘ ਨੂੰ ਦਿਤੀ ਪਾਵਰ ਆਫ਼ ਅਟਾਰਨੀ ਜਾਅਲੀ ਪਾਈ ਗਈ ਹੈ। ਉਕਤ ਜਾਅਲੀ ਦਸਤਾਵੇਜ਼ਾਂ ਨਾਲ ਹੀ ਉਸ ਨੇ ਕੋਠੀ ਦੀ ਰਜਿਸਟਰੀ ਕਰਵਾ ਲਈ। ਇਸ ਕਾਰਨ ਹੁਣ ਕਰਮ ਸਿੰਘ ਨੇ ਅਸ਼ੋਕ ਕੁਮਾਰ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵਲੋਂ ਸਿੱਖ ਗੁਰਦੁਆਰਾ (ਸੋਧ) ਬਿੱਲ-2023 ਨੂੰ ਹਰੀ ਝੰਡੀ
ਪੁਲਿਸ ਨੇ ਜਾਂਚ ਤੋਂ ਬਾਅਦ ਅਸ਼ੋਕ ਕੁਮਾਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਕਰਮ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੂੰ ਕੋਠੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿਤੀ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਅਸ਼ੋਕ ਕੁਮਾਰ ਨੇ 21 ਮਈ 2005 ਨੂੰ ਵਸੀਕਾ ਨੰਬਰ 3701 ਰਾਹੀਂ ਜਾਅਲੀ ਪਾਵਰ ਆਫ਼ ਅਟਾਰਨੀ ਰਾਹੀਂ ਰਜਿਸਟਰੀ ਕਰਵਾਈ ਸੀ। ਇਸ ਦਾ ਕਿਤੇ ਵੀ ਮਾਲ ਵਿਭਾਗ ਕੋਲ ਕੋਈ ਰਿਕਾਰਡ ਨਹੀਂ ਹੈ।
ਕਰਮ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਜਦੋਂ ਇਸ ਸਬੰਧੀ ਅਸ਼ੋਕ ਕੁਮਾਰ ਨੂੰ ਪੁਛਿਆ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿਤਾ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਐਨ.ਆਰ.ਆਈ. ਅਮਰਜੀਤ ਕੌਰ ਵਾਸੀ ਲੋਪੋ ਜ਼ਿਲ੍ਹਾ ਮੋਗਾ ਵੀ ਉਸ ਵਲੋਂ ਖਰੀਦੇ ਪਲਾਟ ’ਤੇ ਅਪਣਾ ਹੱਕ ਜਤਾ ਰਹੀ ਹੈ। ਐਨ.ਆਰ.ਆਈ. ਅਮਰਜੀਤ ਕੌਰ ਨੇ ਵੀ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿਤਾ। ਅਮਰਜੀਤ ਕੌਰ ਨੂੰ ਵੀ ਪੰਚਾਇਤ ਵਿਚ ਬੈਠ ਕੇ ਮਾਮਲਾ ਹੱਲ ਕਰਨ ਲਈ ਕਿਹਾ ਗਿਆ ਪਰ ਉਹ ਨਹੀਂ ਮੰਨੀ।
ਕਰਮ ਸਿੰਘ ਅਨੁਸਾਰ ਉਸ ਨੂੰ ਪਤਾ ਲੱਗਾ ਕਿ ਅਸ਼ੋਕ ਕੁਮਾਰ ਅਮਰਜੀਤ ਕੌਰ ਨੂੰ ਹੀ ਖ਼ੁਦਮੁਖ਼ਤਿਆਰ ਦੱਸ ਰਿਹਾ ਹੈ। ਜੋ ਕਿ ਮਾਲ ਵਿਭਾਗ ਵਿਚ ਸਾਬਤ ਨਹੀਂ ਹੋ ਰਿਹਾ ਹੈ। ਕਰਮ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਸ ਨਾਲ 1,36,000 ਰੁਪਏ ਦੀ ਠੱਗੀ ਮਾਰੀ ਗਈ ਹੈ। ਕਰਮ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਅਸ਼ੋਕ ਕੁਮਾਰ ਵਿਰੁਧ ਤੁਰਤ ਕਾਰਵਾਈ ਦੀ ਮੰਗ ਕਰਦਿਆਂ ਉਸ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ।
ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਉਨ੍ਹਾਂ ਨੇ ਕੋਠੀ ਕਰਮ ਸਿੰਘ ਤੋਂ ਕਿਰਾਏ 'ਤੇ ਲਈ ਸੀ। ਚਾਬੀਆਂ ਉਸ ਨੂੰ ਵਾਪਸ ਦੇ ਦਿਤੀਆਂ ਗਈਆਂ ਹਨ। ਕਰਮ ਸਿੰਘ, ਅਸ਼ੋਕ ਕੁਮਾਰ ਜਾਂ ਐਨ.ਆਰ.ਆਈ. ਅਮਰਜੀਤ ਕੌਰ, ਅਸਲ ਮਾਲਕ ਜੋ ਵੀ ਹੋਵੇ, ਪੁਲਿਸ ਜਾਂਚ ਦੌਰਾਨ ਚਾਬੀਆਂ ਉਸ ਨੂੰ ਸੌਂਪ ਸਕਦੀ ਹੈ। ਜੋ ਵੀ ਗ਼ਲਤ ਹੈ ਉਸ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।