
ਪੰਜਾਬ ਵਿੱਚੁ ਬੱਚੀਆਂ, ਛੋਟੇ ਬੱਚਿਆਂ ਤੇ ਬਜ਼ੁਰਗ ਔਰਤਾਂ ਨੂੰ ਸਜ਼ਾ ਦੇਣ ਲਈ ਨਿਰਵਸਤਰ ਕਰਕੇ ਗਲੀਆਂ ਵਿਚ ਘੁਮਾਉਣ ਦੀਆਂ ਪਿੰਡਾਂ ਦੇ ਖੜਪੰਚਾਂ ਅਤੇ ਚੌਧਰੀਆਂ.............
ਚੰਡੀਗੜ੍ਹ :ਪੰਜਾਬ ਵਿੱਚੁ ਬੱਚੀਆਂ, ਛੋਟੇ ਬੱਚਿਆਂ ਤੇ ਬਜ਼ੁਰਗ ਔਰਤਾਂ ਨੂੰ ਸਜ਼ਾ ਦੇਣ ਲਈ ਨਿਰਵਸਤਰ ਕਰਕੇ ਗਲੀਆਂ ਵਿਚ ਘੁਮਾਉਣ ਦੀਆਂ ਪਿੰਡਾਂ ਦੇ ਖੜਪੰਚਾਂ ਅਤੇ ਚੌਧਰੀਆਂ ਵਲੋਂ ਕੀਤੀਆਂ ਹਰਕਤਾਂ ਵਰਗੀਆਂ ਘਟਨਾਵਾਂ ਵਾਪਰਨੀਆਂ ਸ਼ਰਮਨਾਕ ਹਨ ਅਤੇ ਮੁੱਖ ਮੰਤਰੀ ਕੈਪਟਨ ਨੂੰ ਇਸ ਮੁੱਦੇ ਉਪਰ ਚੁੱਪੀ ਤੋੜਨੀ ਚਾਹੀਦੀ ਹੈ। ਇਹ ਗੱਲ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਕਹੀ ਹੈ। ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬਾ ਪਲਵਿੰਦਰ ਕੌਰ ਹਰਿਆਊ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨਿਰਵਸਤਰ ਕਰਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ।
ਫਰੀਦਕੋਟ ਜ਼ਿਲ੍ਹੇ ਵਿੱਚ ਦੋ ਮਾਸੂਮ ਬੱਚਿਆਂ ਨੂੰ ਜਬਰਦਸਤੀ ਚੁੱਕ ਕੇ, ਨਿਰਵਸਤਰ ਕਰਕੇ ਤਸੀਹੇ ਦੇਣੇ, ਮਾਰਕੁੱਟ ਕਰਨੀ ਅਤੇ ਬਠਿੰਡੇ ਜ਼ਿਲ੍ਹੇ ਦੇ ਇਕ ਪਿੰਡ ਵਿਚ ਬਜ਼ੁਰਗ ਔਰਤ ਨੂੰ ਨਿਰਵਸਤਰ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਘੁਮਾਉਣ ਦੀਆਂ ਘਟਨਾਵਾਂ ਸ਼ਰਮਨਾਕ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ।
ਸ੍ਰੀ ਕੈਂਥ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦਾ ਕੰਟਰੋਲ ਅਪਣੇ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਕਾਫੀ ਢਿੱਲਾ ਪੈ ਗਿਆ ਹੈ
ਜਿਸ ਕਰਕੇ ਖ਼ੁਫੀਆ ਤੰਤਰ ਵੀ ਸਰਕਾਰ ਵਿਰੋਧੀ ਸੂਚਨਾ ਦੇਣ ਤੋਂ ਅਸਮਰੱਥ ਹੈ। ਆਗੂਆਂ ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਸਨ ਪ੍ਰਸ਼ਾਸਨ ਸਮੇਂ ਸਿਰ ਕਾਰਵਾਈ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਵਿੱਖ ਵਿਚ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਉਠਾਏ।