
ਪੰਜਾਬ ਵਿੱਤ ਨਿਗਮ ਵਲੋਂ ਅਪਣੀ ਮਰਜ਼ੀ ਨਾਲ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਉਲਟਾਉਣ ਕਰ ਕੇ ਗੋਇੰਦਵਾਲ ਸਨਅਤ ਨੂੰ ਭਾਰੀ ਆਰਥਕ ਝਟਕਾ ਲੱਗਾ ਹੈ। ਸਰਕਾਰ ...
ਚੰਡੀਗੜ੍ਹ, ਪੰਜਾਬ ਵਿੱਤ ਨਿਗਮ ਵਲੋਂ ਅਪਣੀ ਮਰਜ਼ੀ ਨਾਲ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਉਲਟਾਉਣ ਕਰ ਕੇ ਗੋਇੰਦਵਾਲ ਸਨਅਤ ਨੂੰ ਭਾਰੀ ਆਰਥਕ ਝਟਕਾ ਲੱਗਾ ਹੈ। ਸਰਕਾਰ ਵਲੋਂ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਇਕ ਹਾਂ-ਪੱਖੀ ਫ਼ੈਸਲੇ ਨੂੰ ਲਾਗੂ ਨਾ ਕਰਨ ਨਾਲ ਸਨਅਤਕਾਰ ਬੁਰੀ ਤਰ੍ਹਾਂ ਵਿੱਤੀ ਸੰਕਟ 'ਚ ਫਸ ਕੇ ਰਹਿ ਗਏ ਹਨ। ਨਿਗਮ ਦੇ ਇਸ ਫ਼ੈਸਲੇ ਦੀ ਸੱਭ ਤੋਂ ਵੱਡੀ ਮਾਰ ਗੋਇੰਦਵਾਲ ਟੂਲਜ਼ ਐਂਡ ਫ਼ੋਰਜਿੰਗਜ਼ ਨੂੰ ਝਲਣੀ ਪਈ ਹੈ।
ਸਰਕਾਰ ਨੇ ਵਿਸ਼ਵ ਮੰਦੀ ਦੀ ਮਾਰ ਹੇਠ ਆਈ ਗੋਇੰਦਵਾਲ ਸਨਅਤ ਨੂੰ ਅਪਣੇ ਪੈਰਾਂ 'ਤੇ ਮੁੜ ਖੜਾ ਕਰਨ ਲਈ ਵਿੱਤ ਕਾਰਪੋਰੇਸ਼ਨ ਵਲੋਂ ਦਿਤੇ ਕਰਜ਼ੇ 'ਚ ਰਾਹਤ ਦੇਣ ਦਾ ਫ਼ੈਸਲਾ ਲਿਆ ਸੀ। ਇਸ ਫ਼ੈਸਲੇ 'ਤੇ ਮੰਤਰੀ ਮੰਡਲ ਨੇ 9 ਜੁਲਾਈ 2011 ਦੀ ਮੀਟਿੰਗ 'ਚ ਸੁਝਾਅ ਦਿਤਾ ਸੀ ਕਿ ਕਰਜ਼ੇ ਦਾ ਨਿਪਟਾਰਾ ਅਦਾਇਗੀ ਘਟਾ ਕੇ ਬਾਕੀ ਮੂਲ ਧਨ ਵਸੂਲ ਕਰ ਕੇ ਸਾਰਾ ਵਿਆਜ ਮਾਫ਼ ਕਰ ਦਿਤਾ ਜਾਵੇ। ਵਿੱਤ ਨਿਗਮ ਨੂੰ ਸਾਧਾਰਣ ਵਿਆਜ ਦੇ ਨਿਪਟਾਰੇ ਵਜੋਂ 38.62 ਕਰੋੜ ਰੁਪਏ ਅਤੇ ਵਾਪਸ ਕੀਤੀ ਰਕਮ ਦੇ ਨਿਪਟਾਰੇ ਵਜੋਂ ਵਖਰੇ 9.87 ਕਰੋੜ ਰੁਪਏ ਦੇਣੇ ਪੈਣੇ ਸਨ।
ਮੰਤਰੀ ਮੰਡਲ ਦੇ ਫ਼ੈਸਲੇ ਨੂੰ 29 ਅਗੱਸਤ 2011 ਨੂੰ ਨੋਟੀਫ਼ਿਕੇਸ਼ਨ ਦੇ ਰੂਪ 'ਚ ਜਾਰੀ ਕਰ ਦਿਤਾ ਗਿਆ। ਵਿੱਤ ਨਿਗਮ ਉਸ ਵੇਲੇ ਦੇ ਰਾਜਪਾਲ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਅਧਿਸੂਚਨਾ ਦੇ ਉਲਟ ਜਾਂਦਿਆਂ ਸੈਟਲਮੈਂਟ ਰਾਸ਼ੀ ਆਂਕਣ ਵਾਸਤੇ ਵਿਆਜ 'ਚ ਪਹਿਲਾਂ ਸ਼ਾਮਲ ਕੀਤੀ ਰਕਮ ਨੂੰ ਮੂਲ ਧਨ ਵਿਚੋਂ ਘਟਾਉਣ ਤੋਂ ਮੁਨਕਰ ਹੋ ਗਈ ਸੀ। ਸਰਕਾਰ ਨੇ ਇਹ ਵੀ ਪੇਸ਼ਕਸ਼ ਕੀਤੀ ਸੀ
ਕਿ ਨਿਗਮ ਵਲੋਂ ਸਹੇ ਘਾਟੇ ਨੂੰ ਖ਼ਜ਼ਾਨੇ ਵਿਚੋਂ ਪੂਰਾ ਕਰ ਦਿਤਾ ਜਾਵੇਗਾ। ਗੋਇੰਦਵਾਲ ਟੂਲਜ਼ ਐਂਡ ਫ਼ੋਰਜਿੰਗਜ਼ ਨੂੰ ਸੱਭ ਤੋਂ ਵੱਡੀ ਮਾਰ ਝਲਣੀ ਪਈ। ਕੰਪਨੀ ਦੇ ਮਾਲਕ ਅਤੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਨੇ ਨਿਗਮ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 23.2 ਲੱਖ ਰੁਪਏ ਦੇ ਲਏ ਕਰਜ਼ੇ ਦੀ ਥਾਂ ਜਮ੍ਹਾਂ ਕਰਵਾਏ 30.93 ਲੱਖ ਰੁਪਏ ਨੂੰ ਨਜ਼ਰਅੰਦਾਜ਼ ਕਰ ਕੇ 20.54 ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣੇ ਪਏ ਹਨ।