
ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਪੁਸਤਕਾਂ ਤਿਆਰੀ ਤੋਂ ਪਛੜ ਗਈਆਂ ਹਨ। ਪੁਸਤਕ ਰੀਵਿਊ ਕਮੇਟੀ ਨੇ ਅੱਧ...
ਚੰਡੀਗੜ੍ਹ, ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਪੁਸਤਕਾਂ ਤਿਆਰੀ ਤੋਂ ਪਛੜ ਗਈਆਂ ਹਨ। ਪੁਸਤਕ ਰੀਵਿਊ ਕਮੇਟੀ ਨੇ ਅੱਧ ਜੁਲਾਈ ਤਕ ਸਕੂਲ ਵਿਦਿਆਰਥੀਆਂ ਨੂੰ ਨਵੀਂ ਪੁਸਤਕ ਪੜ੍ਹਨ ਸਮੱਗਰੀ ਭੇਜਣ ਦਾ ਭਰੋਸਾ ਦਿਤਾ ਸੀ ਜਿਸ ਤੋਂ ਉਕ ਗਈ ਹੈ। ਸਿਖਿਆ ਮੰਤਰੀ ਓਪੀ ਸੋਨੀ ਨੇ ਰੀਵਿਊ ਕਮੇਟੀ ਦੇ ਕੰਮ ਦੀ ਸਮੀਖਿਆ ਲਈ 20 ਨੂੰ ਮੀਟਿੰਗ ਸੱਦ ਲਈ ਹੈ।
ਸਕੂਲ ਸਿਖਿਆ ਬੋਰਡ ਵਲੋਂ ਚਾਲੂ ਵਿੱਤੀ ਸਾਲ ਵਾਸਤੇ 12ਵੀਂ ਦੀ ਇਤਿਹਾਸ ਦੀ ਨਵੀਂ ਪੁਸਤਕ ਤਿਆਰ ਕੀਤੀ ਗਈ ਸੀ ਪਰ ਸਕੂਲਾਂ ਵਿਚ ਪੁੱਜਣ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਸੀ ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਜ਼ੁਰਗ ਇਤਿਹਾਸਕਾਰ ਕਿਰਪਾਲ ਸਿੰਘ ਦੀ ਅਗਵਾਈ ਵਿਚ ਇਕ ਰੀਵਿਊ ਕਮੇਟੀ ਦਾ ਗਠਨ ਕਰ ਦਿਤਾ ਸੀ। ਕਮੇਟੀ ਨੇ ਬੋਰਡ ਦੀ ਨਵ-ਪ੍ਰਕਾਸ਼ਤ ਪੁਸਤਕ 'ਇਤਿਹਾਸ' ਨੂੰ ਰੱਦ ਕਰ ਕੇ ਇਸ ਨੂੰ ਸਕੂਲਾਂ ਵਿਚ ਭੇਜਣ ਤੋਂ ਰੋਕ ਲਿਆ ਸੀ। ਸਕੂਲ ਸਿਖਿਆ ਬੋਰਡ ਵਲੋਂ ਪੁਸਤਕ 'ਇਤਿਹਾਸ' ਵਿਸ਼ੇ ਦੇ ਮਾਹਰਾਂ ਵਲੋਂ ਤਿਆਰ ਕਰਵਾਈ ਗਈ ਸੀ।
ਸਿਖਿਆ ਮੰਤਰੀ ਓਪੀ ਸੋਨੀ ਦੀ ਅਗਵਾਈ ਹੇਠ ਚਾਰ ਜੁਲਾਈ ਨੂੰ ਰੀਵਿਊ ਕਮੇਟੀ ਨੇ 11ਵੀਂ ਤੇ 12ਵੀਂ ਦੀਆਂ ਇਤਿਹਾਸ ਦੀਆਂ ਪੁਸਤਕਾਂ ਸਕੂਲਾਂ ਵਿਚ ਨਾ ਪੜ੍ਹਾਉਣ ਦੀ ਹਦਾਇਤ ਕਰਨ ਦੇ ਨਾਲ ਹੀ ਤਿਆਰ ਕੀਤੀ ਜਾਣ ਵਾਲੀ ਨਵੀਂ ਪੁਸਤਕ ਦਾ ਪਹਿਲਾ ਚੈਪਟਰ ਜੁਲਾਈ ਦੇ ਅੱਧ ਤਕ ਸਕੂਲ ਵਿਦਿਆਰਥੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ।
O.P. SonI
ਸਿਖਿਆ ਵਿਭਾਗ ਦੇ ਉਚ ਭਰੋਸੇਯੋਗ ਸੂਤਰ ਦਸਦੇ ਹਨ ਕਿ ਰੀਵਿਊ ਕਮੇਟੀ ਵਲੋਂ ਇਤਿਹਾਸ ਦੇ ਮਾਹਰਾਂ ਦੀ ਇਕ ਸਬ-ਕਮੇਟੀ ਦਾ ਗਠਨ ਕਰ ਕੇ ਮਸਾਂ ਦੋਹਾਂ ਜਮਾਤਾਂ ਦਾ ਸਿਲੇਬਸ ਤਿਆਰ ਕੀਤਾ ਗਿਆ ਹੈ ਜਦਕਿ ਹਾਲੇ ਪੁਸਤਕ ਦੇ ਪਹਿਲੇ ਚੈਪਟਰ ਦਾ ਕੰਮ ਕਿਸੇ ਕੰਢੇ ਨਹੀਂ ਲੱਗ ਸਕਿਆ। ਸਿਖਿਆ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕਮੇਟੀ ਵਲੋਂ ਦਿਤੇ ਭਰੋਸੇ ਮੁਤਾਬਕ ਹਰ 15 ਦਿਨਾਂ ਪਿੱਛੋਂ ਇਕ ਚੈਪਟਰ ਸਕੂਲਾਂ ਨੂੰ ਭੇਜਦੀ ਵੀ ਰਹੇ ਤਾਂ ਇਹ ਕੰਮ 240 ਦਿਨਾਂ ਵਿਚ ਪੂਰਾ ਹੋਣ ਵਾਲਾ ਹੈ ਜਦਕਿ ਵਿਦਿਅਕ ਸੈਸ਼ਨ ਦੇ ਬਾਕੀ ਦਿਨ 175 ਤੋਂ ਵੀ ਘੱਟ ਰਹਿ ਗਏ ਹਨ।
ਦੋਹਾਂ ਪੁਸਤਕਾਂ ਦੇ 16-16 ਚੈਪਟਰ ਹਨ। ਵਿਦਿਅਕ ਸੈਸ਼ਨ ਦੇ ਅੰਤ ਵਿਚ ਸਕੂਲਾਂ ਨੂੰ ਭੇਜੇ ਜਾਣ ਵਾਲੇ ਚੈਪਟਰਾਂ ਨੂੰ ਪੜ੍ਹ ਕੇ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਕਿਸ ਤਰ੍ਹਾਂ ਕਰ ਸਕਣਗੇ, ਇਸ ਦਾ ਜਵਾਬ ਨਾ ਕਮੇਟੀ ਕੋਲ ਹੈ ਤੇ ਨਾ ਹੀ ਇਤਿਹਾਸ ਦੇ ਮਾਹਰਾਂ ਕੋਲ। ਜਾਣਕਾਰੀ ਅਨੁਸਾਰ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੋਰਡ ਦੇ ਅਧਿਕਾਰੀਆਂ ਤੋਂ ਪੁਸਤਕ ਦੀ ਤਿਆਰੀ ਸਬੰਧੀ ਜਾਣਕਾਰੀ ਮੰਗੀ ਹੈ। ਬੋਰਡ ਅਧਿਕਾਰੀਆਂ ਨੂੰ ਪੁਸਤਕ ਦਾ ਪਹਿਲਾ ਚੈਪਟਰ ਤਿਆਰ ਹੋਣ ਬਾਰੇ ਤਾਂ ਹਾਲੇ ਪਤਾ ਨਹੀਂ ਪਰ ਸਿਖਿਆ ਮੰਤਰੀ ਵਲੋਂ 20 ਨੂੰ ਸੱਦੀ ਮੀਟਿੰਗ ਵਿਚ ਹਾਜ਼ਰ ਹੋਣ
ਦਾ ਸੁਨੇਹਾ ਜ਼ਰੂਰ ਮਿਲ ਗਿਆ ਹੈ। ਰੀਵਿਊ ਕਮੇਟੀ ਦੇ ਇਕ ਮੈਂਬਰ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਨਵੀਂ ਪੁਸਤਕ ਦਾ ਹਾਲੇ ਸਿਲੇਬਸ ਤਿਆਰ ਹੋਇਆ ਹੈ ਅਤੇ ਪਹਿਲੇ ਚੈਪਟਰ ਦਾ ਕੰਮ ਮਹੀਨੇ ਦੇ ਅੰਤ ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਉਸ ਨੇ ਇਹ ਵੀ ਕਿਹਾ ਕਿ ਪਹਿਲਾ ਚੈਪਟਰ ਸਿਰੇ ਚਾੜ੍ਹਨਾ ਹੀ ਔਖਾ ਹੈ ਜਦਕਿ ਮਗਰਲਾ ਕੰਮ ਤਾਂ ਆਪੇ ਰਿੜ੍ਹ ਪਵੇਗਾ।
ਸਿਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਹੈ ਕਿ ਉਹ ਸਕੂਲੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਅਤੇ ਕਿਸੇ ਤਰ੍ਹਾਂ ਵੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦੇਣਗੇ। ਉਨ੍ਹਾਂ ਇਹ ਵੀ ਦਸਿਆ ਕਿ ਪੁਸਤਕ ਦੀ ਤਿਆਰੀ ਵਿਚ ਤੇਜ਼ੀ ਲਿਆਉਣ ਲਈ 20 ਨੂੰ ਰੀਵਿਊ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ।