
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜਿਥੇ ਸੂਬਾ ਸਰਕਾਰ ਵਲੋਂ ਨਵੀਂ ਸਰਕਾਰੀ ਭਰਤੀ ਲਈ ਕੇਂਦਰੀ ਤਨਖ਼ਾਹ
ਚੰਡੀਗੜ੍ਹ, 18 ਜੁਲਾਈ (ਨੀਲ ਭÇਲੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜਿਥੇ ਸੂਬਾ ਸਰਕਾਰ ਵਲੋਂ ਨਵੀਂ ਸਰਕਾਰੀ ਭਰਤੀ ਲਈ ਕੇਂਦਰੀ ਤਨਖ਼ਾਹ ਸਕੇਲ ਲਾਗੂ ਕੀਤੇ ਜਾਣ ਵਾਲੇ ਫ਼ੈਸਲੇ ਦਾ ਵਿਰੋਧ ਕਰਦਿਆਂ ਇਸ ਨੂੰ ਤੁਰਤ ਵਾਪਸ ਲੈਣ ਦੀ ਮੰਗ ਕੀਤੀ ਹੈ, ਉਥੇ ਕੈਪਟਨ ਸਰਕਾਰ ਦੇ ਅਖੌਤੀ ‘ਘਰ-ਘਰ ਨੌਕਰੀ’ ਪ੍ਰੋਗਰਾਮ ਨੂੰ ਹੋਰ ਤੇਜ਼ ਕੀਤੇ ਜਾਣ ਵਾਲੇ ਦਾਅਵੇ ਨੂੰ ਇਕ ਹੋਰ ਧੋਖਾ ਕਰਾਰ ਦਿੱਤਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਬੁਲਾਰੇ ਵਿਧਾਇਕ ਮੀਤ ਹੇਅਰ ਨੇ ਕੈਪਟਨ ਸਰਕਾਰ ’ਤੇ ਮੁਲਾਜ਼ਮਾਂ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ ਅਤੇ ‘ਘਰ-ਘਰ ਸਰਕਾਰੀ ਨੌਕਰੀ’ ਪ੍ਰੋਗਰਾਮ ਦੌਰਾਨ ਹੁਣ ਤਕ ਦਿਤੀਆਂ ਨੌਕਰੀਆਂ ਬਾਰੇ ‘ਵਾਈਟ ਪੇਪਰ’ ਜਾਰੀ ਕਰਨ ਦੀ ਮੰਗ ਰੱਖੀ।
ਅਮਨ ਅਰੋੜਾ ਨੇ ਕਿਹਾ ਕਿ ਕੇਂਦਰੀ ਪੇ-ਸਕੇਲ ਨੂੰ ਪੰਜਾਬ ’ਚ ਲਾਗੂ ਕਰਨ ਨਾਲ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ 35 ਤੋਂ 40 ਫ਼ੀ ਸਦੀ ਘੱਟ ਜਾਵੇਗੀ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰੀ ਪ੍ਰਬੰਧ ਚਲਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਨਾਲ ਇਹ ਸ਼ਰਤ ਬੇਹੱਦ ਮਾਰੂ ਸਾਬਤ ਹੋਵੇਗੀ, ਜਿਸ ਦਾ ਆਮ ਆਦਮੀ ਪਾਰਟੀ ਸਖ਼ਤ ਵਿਰੋਧ ਕਰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀਆਂ ਵਧੀਕੀਆਂ, ਬੇਇਨਸਾਫ਼ੀਆਂ ਅਤੇ ਮੁਲਾਜ਼ਮ ਮਾਰੂ ਨੀਤੀਆਂ ਵਿਰੁਧ ਪੰਜਾਬ ਭਰ ਦੇ ਮੁਲਾਜ਼ਮ ਪਹਿਲਾਂ ਹੀ ਸੜਕਾਂ ’ਤੇ ਰੋਸ-ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।
Aman Arora
ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਮੁਲਾਜ਼ਮ ਵਰਗ ਦਾ ਗਲ਼ਾ ਘੋਟਣ ਦੀ ਥਾਂ ਸਰਕਾਰੀ ਸਰਪ੍ਰਸਤੀ ਥੱਲੇ ਚੱਲ ਰਹੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਬਿਜਲੀ ਮਾਫ਼ੀਆ, ਲੈਂਡ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਨੂੰ ਨੱਥ ਪਾ ਕੇ ਸਾਲਾਨਾ 30 ਹਜ਼ਾਰ ਕਰੋੜ ਤਕ ਦੀ ਆਮਦਨ ਵਧਾਵੇ। ਕੈਪਟਨ ਸਰਕਾਰ ਵਲੋਂ ‘ਘਰ-ਘਰ ਸਰਕਾਰੀ ਨੌਕਰੀ’ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਦਾਅਵੇ ਨਾਲ ਆਨਲਾਈਨ ਪ੍ਰੋਗਰਾਮ ਸ਼ੁਰੂ ਕਰਨ ਦੇ ਐਲਾਨ ਨੂੰ ਇਕ ਹੋਰ ਧੋਖਾ ਕਰਾਰ ਦਿੰਦਿਆਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਸਰਕਾਰ ‘ਵਾਈਟ ਪੇਪਰ’ ਜਾਰੀ ਕਰ ਕੇ ਇਹ ਦੱਸੇ ਕਿ ਹੁਣ ਤਕ ਪੰਜਾਬ ਦੇ ਕਿੰਨੇ ਘਰਾਂ ’ਚ ਨੌਕਰੀਆਂ ਦੇ ਚੁੱਕੀ ਹੈ।
ਮੀਤ ਹੇਅਰ ਨੇ ਕਿਹਾ ਕਿ ਬਤੌਰ ਵਿਧਾਇਕ ਉਹ ਜ਼ਿਆਦਾ ਸਮਾਂ ਲੋਕਾਂ ’ਚ ਹੀ ਵਿਚਰਦੇ ਹਨ, ਪ੍ਰੰਤੂ ਸਾਢੇ ਤਿੰਨ ਸਾਲਾਂ ’ਚ ਅਜੇ ਤਕ ਉਨ੍ਹਾਂ ਖ਼ੁਸ਼ਕਿਸਮਤ ਨੌਜਵਾਨ ਮੁੰਡੇ-ਕੁੜੀਆਂ ਦਾ ਪਤਾ ਨਹੀਂ ਲੱਗਿਆ, ਜਿਨ੍ਹਾਂ ਨੂੰ ਸਰਕਾਰ ਦੇ ‘ਘਰ-ਘਰ ਨੌਕਰੀ’ ਪ੍ਰੋਗਰਾਮ ਦੌਰਾਨ ਨੌਕਰੀ ਮਿਲੀ ਹੋਵੇ। ਇਸ ਲਈ ਸਰਕਾਰ ਵਾਈਟ ਪੇਪਰ ਰਾਹੀਂ ਪਿੰਡ-ਸ਼ਹਿਰ ਦੇ ਹਰੇਕ ਨੌਕਰੀ ਪਾਉਣ ਵਾਲੇ ਨੌਜਵਾਨ ਦਾ ਪੂਰਾ ਬਿਊਰਾ ਪੰਜਾਬ ਦੇ ਲੋਕਾਂ ਸਾਹਮਣੇ ਰੱਖੇ।
ਮੀਤ ਹੇਅਰ ਨੇ ਕਿਹਾ ਕਿ ਪ੍ਰਾਈਵੇਟ ਕਾਲਜਾਂ ਦੇ ਪਲੇਸਮੈਂਟ ਕੈਂਪਾਂ ਦਾ ਕਾਂਗਰਸੀਕਰਨ ਕਰ ਕੇ ਕੈਪਟਨ ਸਰਕਾਰ ਨਾ ਕੇਵਲ ਪੰਜਾਬ ਦੇ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਵਾਧੂ ਚੂਨਾ ਲਗਾਉਣ ਲੱਗੀ ਹੈ। ਸਗੋਂ ਇਨ੍ਹਾਂ ਪਲੇਸਮੈਂਟ ਕੈਂਪਾਂ ’ਚ ‘ਕਲਾਥ ਹਾਊਸ’ ਵਰਗੀਆਂ ਦੁਕਾਨਾਂ ’ਤੇ ਮਾਮੂਲੀ ਕੰਮ ਦੇਣ ਦੀ ਪੇਸ਼ਕਸ਼ ਕਰ ਕੇ ਟੈਟ ਪਾਸ, ਨੈੱਟ ਪਾਸ, ਬੀ ਟੈੱਕ, ਐਮ ਟੈੱਕ ਅਤੇ ਪੜ੍ਹੇ-ਲਿਖੇ ਨੌਜਵਾਨਾਂ ਦੀ ਲਾਚਾਰੀ ਦਾ ਮਜ਼ਾਕ ਉਡਾ ਰਹੀ ਹੈ। ਅਮਨ ਅਰੋੜਾ ਅਤੇ ਮੀਤ ਹੇਅਰ ਨੇ ਕਿਹਾ ਕਿ 2022 ’ਚ ‘ਆਪ’ ਦੀ ਸਰਕਾਰ ਬਣਨ ’ਤੇ ਨਾ ਕੇਵਲ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਮਾਨ-ਸਨਮਾਨ ਬਹਾਲ ਕੀਤਾ ਜਾਵੇਗਾ, ਸਗੋਂ ਦਿਖਾਵੇਗੀ ਕਿ ਅਸਲੀ ਪਲੇਸਮੈਂਟ ਕੈਂਪ ਕੀ ਹੁੰਦੇ ਹਨ।