
CCTV ਦੇ ਅਧਾਰ 'ਤੇ ਪੁਲਿਸ ਨੇ ਮੁਲਜ਼ਮ ਰਾਜਬੀਰ ਕੌਰ ਨੂੰ ਕੀਤਾ ਗ੍ਰਿਫ਼ਤਾਰ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਇਕ ਬਹੁਤ ਦੁੱਖਦਾਈ ਘਟਨਾ ਸਾਹਮਣੇ ਆਈ ਹੈ ਜਿਥੇ ਗੁਆਂਢਣ ਨੇ ਇਕ 10 ਸਾਲ ਦੇ ਮਾਸੂਮ ਦਾ ਕਤਲ ਕਰ ਦਿਤਾ। ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੇ ਦੇ ਪਿਤਾ ਅੰਗਰੇਜ ਸਿੰਘ ਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਦਸਿਆ ਕਿ ਉਸ ਦਾ ਲੜਕਾ ਕਰਨਵੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਮਾਤਾ ਸੁਲੱਖਣੀ ਜੀ ਸਾਹਿਬ ਵਿਖੇ ਸੇਵਾ ਕਰਨ ਲਈ ਗਿਆ ਸੀ।
ਜਿਥੋਂ ਉਹ ਬੀਤੀ ਦੁਪਹਿਰ ਸਾਢੇ 12 ਵਜੇ ਦੇ ਕਰੀਬ ਗਾਇਬ ਹੋ ਗਿਆ ਸੀ। ਜਿਸ ਦੀ ਸ਼ਿਕਾਇਤ ਉਸ ਵਲੋਂ ਪੁਲਿਸ ਨੂੰ ਦਿਤੀ ਗਈ। ਅੱਜ ਜਦੋਂ ਸੀ.ਸੀ.ਟੀ.ਵੀ. ਚੈਕ ਕੀਤਾ ਗਿਆ ਤਾਂ ਉਸ ਦੀ ਚਚੇਰੀ ਭੂਆ ਉਸ ਨੂੰ ਆਪਣੇ ਨਾਲ ਲਿਜਾਂਦੀ ਨਜ਼ਰ ਆਈ। ਉਸ ਨੇ ਦਸਿਆ ਕਿ ਉਸ ਦੀ ਦੂਰ ਦੀ ਚਾਚੀ ਉਸ ਨੂੰ ਜਾਮਣਾਂ ਖੁਆਉਣ ਦਾ ਲਾਲਚ ਦੇ ਕੇ ਅਪਣੇ ਨਾਲ ਲੈ ਗਈ ਸੀ। ਜਿਸ ਤੋਂ ਬਾਅਦ ਉਸ ਨੇ ਕਰਨਵੀਰ ਸਿੰਘ ਨੂੰ ਕਾਲੀ ਵੇਈਂ ਵਿਚ ਧੱਕਾ ਦੇ ਕੇ ਮਾਰ ਦਿਤਾ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮ ਚਾਚੇ ਤੇ ਰਾਜਬੀਰ ਕੌਰ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਦਾਖ਼ਲਾ ਨਾ ਵਧਾਉਣ ਵਾਲੇ 6 ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵਲੋਂ ਨੋਟਿਸ ਜਾਰੀ
ਪੁਲਿਸ ਵਲੋਂ ਕਰਨਵੀਰ ਸਿੰਘ ਦੀ ਲਾਸ਼ ਪਵਿੱਤਰ ਕਾਲੀ ਵੇਈਂ ਤੋਂ ਬਰਾਮਦ ਕਰ ਲਈ ਗਈ ਹੈ। ਮੌਕੇ 'ਤੇ ਪਹੁੰਚੇ ਡੀ.ਐਸ.ਪੀ ਬਬਨ ਦੀਪ ਸਿੰਘ ਅਤੇ ਥਾਣਾ ਇੰਚਾਰਜ ਵਰਿੰਦਰ ਸਿੰਘ ਬਾਜਵਾ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ 'ਚ ਰਖਵਾਇਆ।
ਡੀ.ਐਸ.ਪੀ. ਬਬਨ ਦੀਪ ਸਿੰਘ ਨੇ ਦਸਿਆ ਕਿ ਸਾਨੂੰ ਕਰਨਵੀਰ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਪਿਛਲੇ ਦਿਨੀਂ ਮਿਲੀ ਸੀ। ਸੀ.ਸੀ.ਟੀ.ਵੀ. ਤਸਵੀਰਾਂ ਖੰਘਾਲੀਆਂ ਗਈਆਂ ਜਿਸ ਵਿਚ ਦੇਖਿਆ ਕਿ ਰਾਜਬੀਰ ਕੌਰ ਅਪਣੇ ਭਤੀਜੇ ਕਰਨਵੀਰ ਸਿੰਘ ਨੂੰ ਨਾਲ ਲੈ ਕੇ ਜਾ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਰਾਜਬੀਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਰਾਜਬੀਰ ਕੌਰ ਦੇ ਮ੍ਰਿਤਕ ਲੜਕੇ ਦੇ ਚਾਚਾ ਹੀਰਾ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਉਸ ਨੇ ਦਸਿਆ ਕਿ ਮ੍ਰਿਤਕ ਕਰਨਵੀਰ ਸਿੰਘ ਦੇ ਮਾਤਾ-ਪਿਤਾ ਇਸ ਗੱਲ ਦਾ ਵਿਰੋਧ ਕਰਦੇ ਸਨ ਅਤੇ ਅਜਿਹਾ ਕਰਨ ਤੋਂ ਰੋਕਦੇ ਸਨ।ਉਨ੍ਹਾਂ ਦੇ ਦੱਸਣ ਮੁਤਾਬਕ ਦੋਵੇਂ ਮੁਲਜ਼ਮ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਮਾਪਿਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਜਿਸ ਕਾਰਨ ਉਸ ਨੇ ਕਰਨਵੀਰ ਸਿੰਘ ਦਾ ਕਤਲ ਕਰ ਕੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿਤਾ। ਉਨ੍ਹਾਂ ਕਿਹਾ ਕਿ ਅਸੀਂ ਰਾਜਬੀਰ ਕੌਰ ਅਤੇ ਹੀਰਾ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।