
ਈਮੇਲ ਰਾਹੀਂ ਮਿਲੀ ਸੀ ਬੰਬ ਦੀ ਸੂਚਨਾ , ਪੁਲਿਸ ਨੇ ਸਾਰੇ ਲੋਕਾਂ ਨੂੰ ਮਾਲ 'ਚੋਂ ਬਾਹਰ ਕੱਢਿਆ ਅਤੇ ਐਂਟਰੀ ਰੋਕੀ
VR Punjab Mall bomb threat : ਮੋਹਾਲੀ ਜ਼ਿਲ੍ਹੇ ਦੇ ਖਰੜ ਸਥਿਤ 'ਵੀ.ਆਰ ਪੰਜਾਬ ਮਾਲ' ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਖ਼ਬਰ ਤੋਂ ਬਾਅਦ ਪੰਜਾਬ ਪੁਲਿਸ ਨੂੰ ਭਾਜੜ ਪੈ ਗਈ ਹੈ।
ਪੂਰੇ ਮਾਲ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਕਰੀਬ ਚਾਰ ਘੰਟੇ ਤੱਕ ਜਾਂਚ ਕੀਤੀ ਗਈ। ਬੰਬ ਨਿਰੋਧਕ ਅਤੇ ਡੌਗ ਸਕੁਐਡ ਟੀਮਾਂ ਵੀ ਮੌਕੇ 'ਤੇ ਮੌਜੂਦ ਸਨ। ਹਾਲਾਂਕਿ ਜਾਂਚ 'ਚ ਕੁਝ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ।
ਈਮੇਲ ਰਾਹੀਂ ਮਿਲੀ ਸੀ ਬੰਬ ਦੀ ਸੂਚਨਾ
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਲ ਪ੍ਰਬੰਧਕਾਂ ਨੂੰ ਈਮੇਲ ਆਈ ਸੀ। ਜਿਸ ਵਿੱਚ ਲਿਖਿਆ ਹੈ ਕਿ ਇਸ ਮਾਲ ਵਿੱਚ ਬੰਬ ਰੱਖਿਆ ਗਿਆ ਹੈ। ਮਾਲ ਪ੍ਰਬੰਧਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਅਜਿਹੇ 'ਚ ਲੋਕਾਂ ਦੀ ਸੁਰੱਖਿਆ ਸਾਡੇ ਲਈ ਜ਼ਰੂਰੀ ਸੀ। ਇਸ ਦੌਰਾਨ ਸਾਰੀਆਂ ਵਿਸ਼ੇਸ਼ ਟੀਮਾਂ ਨੂੰ ਤੁਰੰਤ ਬੁਲਾਇਆ ਗਿਆ ਤਾਂ ਜੋ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ।
ਸਾਰੇ ਲੋਕਾਂ ਨੂੰ ਮਾਲ 'ਚੋਂ ਬਾਹਰ ਕੱਢਿਆ ਅਤੇ ਐਂਟਰੀ ਰੋਕੀ
ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਭ ਤੋਂ ਪਹਿਲਾਂ ਸਾਰੇ ਲੋਕਾਂ ਨੂੰ ਮਾਲ 'ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਮਾਲ ਦੇ ਮੁੱਖ ਗੇਟ ਤੋਂ ਆਮ ਲੋਕਾਂ ਦਾ ਦਾਖਲਾ ਰੋਕ ਦਿੱਤਾ ਗਿਆ। ਫੇਜ਼-6 ਮੈਡੀਕਲ ਕਾਲਜ ਤੋਂ ਵੀ ਐਂਬੂਲੈਂਸ ਮੰਗਵਾਈ ਗਈ।
ਇਸ ਮਗਰੋਂ ਪੁਲੀਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਹ ਸਾਰੀ ਕਾਰਵਾਈ ਕਰੀਬ ਚਾਰ ਘੰਟੇ ਚੱਲਦੀ ਰਹੀ। ਹਾਲਾਂਕਿ ਰੱਖੜੀ ਦੇ ਕਾਰਨ ਲੋਕਾਂ ਦੀ ਭਾਰੀ ਭੀੜ ਸੀ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ।