
ਅੱਜ ਦੁਪਹਿਰ ਵੇਲੇ ਟਾਂਡਾ ਵਿਖੇ ਇਕ ਗਨ ਹਾਊਸ 'ਤੇ ਗੋਲੀ ਚਲਣ ਨਾਲ ਇਕ ਔਰਤ ਦੀ ਮੌਤ ਹੋ ਗਈ
ਟਾਂਡਾ ਉੜਮੁੜ, 19 ਸਤੰਬਰ (ਸਤਨਾਮ ਸਿੰਘ ਖੱਖ, ਸੀਹਰਾ): ਅੱਜ ਦੁਪਹਿਰ ਵੇਲੇ ਟਾਂਡਾ ਵਿਖੇ ਇਕ ਗਨ ਹਾਊਸ 'ਤੇ ਗੋਲੀ ਚਲਣ ਨਾਲ ਇਕ ਔਰਤ ਦੀ ਮੌਤ ਹੋ ਗਈ ਤੇ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਧਾਮੀ ਪਤਨੀ ਗੁਰਮਿੰਦਰ ਸਿੰਘ ਨਿਵਾਸੀ ਪਿਪਲਾਂਵਾਲੀ ਜੋ ਕੈਨੇਡਾ ਵਿਖੇ ਰਹਿ ਰਹੀ ਹੈ ਤੇ ਉਸ ਦੇ ਪਤੀ ਦੀ ਕਰੀਬ 7 ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਅਪਣੇ ਪਤੀ ਦੀ ਜ਼ਮੀਨ ਜਾਇਦਾਦ ਸਬੰਧੀ 7 ਦਿਨ ਪਹਿਲਾਂ ਭਾਰਤ ਆਈ ਸੀ।
ਉਹ ਅਪਣੀ ਭਰਜਾਈ ਦਲਵੀਰ ਕੌਰ ਪਤਨੀ ਅਮਨਦੀਪ ਸਿੰਘ ਨਿਵਾਸੀ ਝਾਵਾਂ ਨਾਲ ਚਾਹਲ ਗਨ ਹਾਊਸ 'ਤੇ ਗਈਆਂ ਜਿਥੇ ਗਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੇ ਲੜਕੇ ਅਮਨਪ੍ਰੀਤ ਸਿੰਘ ਨੇ ਮਾਮੂਲੀ ਤਕਰਾਰ ਤੋਂ ਬਾਅਦ ਦੋਹਾਂ ਔਰਤਾਂ 'ਤੇ ਰਿਵਾਲਵਰ ਨਾਲ ਤਾਬੜਤੋੜ ਗੋਲੀਆਂ ਚਲਾ ਦਿਤੀਆਂ। ਤਿੰਨ ਗੋਲੀਆਂ ਲੱਗਣ ਕਾਰਨ ਸਰਬਜੀਤ ਕੌਰ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਤੇ ਦਲਵੀਰ ਕੌਰ ਦੇ ਇਕ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਟਾਂਡਾ ਪੁਹੰਚਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਹੁਸ਼ਿਆਰਪੁਰ ਰੈਫ਼ਰ ਕਰ ਦਿਤਾ ਗਿਆ।
ਅਮਨਪ੍ਰੀਤ ਸਿੰਘ ਗੋਲੀਆਂ ਚਲਾਉਣ ਤੋਂ ਬਾਅਦ ਸਰਬਜੀਤ ਕੌਰ ਨੂੰ ਅੰਦਰ ਹੀ ਬੰਦ ਕਰ ਕੇ ਦੁਕਾਨ ਨੂੰ ਤਾਲੇ ਲਗਾ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਡੀਐਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਐਸਐਚਓ ਟਾਂਡਾ ਪ੍ਰਦੀਪ ਸਿੰਘ, ਸੀਆਈਏ ਸਟਾਫ਼ ਦਸੂਹਾ ਦੇ ਇੰਚਾਰਜ ਯਾਦਵਿੰਦਰ ਸਿੰਘ ਬਰਾੜ ਨੇ ਸਮੇਤ ਪੁਲਿਸ ਪਾਰਟੀ ਘਟਨਾ ਦਾ ਜਾਇਜ਼ਾ ਲਿਆ ਤੇ ਗਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਦੁਕਾਨ ਸੀਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਸਰਬਜੀਤ ਕੌਰ ਦੇ ਦੋ ਛੋਟੇ ਛੋਟੇ ਬੱਚੇ ਹਨ ਜੋ ਕੈਨੇਡਾ ਵਿਚ ਹੀ ਹਨ ਤੇ ਇਹ ਕੇਵਲ ਦਸ ਦਿਨਾਂ ਲਈ ਹੀ ਭਾਰਤ ਆਈ ਸੀ।