
ਕੈਲੀਫੋਰਨੀਆ ਦੇ ਦੱਖਣੀ ਪੂਰਬੀ ਫਰਿਜ਼ਨੋ ਤੋਂ ਦੋਹਰੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ।
ਕੈਲੀਫੋਰਨੀਆ : ਕੈਲੀਫੋਰਨੀਆ ਦੇ ਦੱਖਣੀ ਪੂਰਬੀ ਫਰਿਜ਼ਨੋ ਤੋਂ ਦੋਹਰੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਪੂਰਬੀ ਫਰਿਜ਼ਨੋ ਵਾਸੀ ਪੰਜਾਬੀ ਮੂਲ ਦੇ ਬਜ਼ੁਰਗ ਦਰਸ਼ਨ ਸਿੰਘ ਧੰਜਲ (65) ਨੇ ਆਪਣੇ ਪੁੱਤਰ ਦੇ ਸੱਸ-ਸਹੁਰੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਜੇਰੀ ਡਾਇਰ ਨੇ ਦੱਸਿਆ ਕਿ ਇਹ ਵਾਰਦਾਤ ਦੀ ਵੀਡੀਓ ਸਰਵਲਾਂਸ ਕੈਮਰੇ 'ਚ ਕੈਦ ਹੋ ਗਈ ਹੈ।
Crime Scene
ਮ੍ਰਿਤਕਾਂ ਦੀ ਪਛਾਣ ਰਵਿੰਦਰਪਾਲ ਸਿੰਘ (59) ਅਤੇ ਰਾਜਬੀਰ ਕੌਰ (59 ਪਤਨੀ ) ਵੱਜੋਂ ਹੋਈ ਹੈ। ਪੁਲਿਸ ਨੂੰ 5368 ਈਸਟ ਟਾਵਰ ਐਵੇਨਿਊ ਤੋਂ ਫੋਨ ਆਉਣ 'ਤੇ ਘਟਨਾ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ 'ਤੇ ਪਹੁੰਚਕੇ ਘਰ ਦੇ ਲਿਵਿੰਗ ਏਰੀਏ 'ਚੋਂ ਲਾਸ਼ਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਮੁਤਾਬਕ ਮ੍ਰਿਤਕ ਪੰਜਾਬੀ ਜੋੜਾ ਆਪਣੇ ਧੀ ਅਤੇ ਜਵਾਈ ਨਾਲ ਇਕ ਹੀ ਘਰ 'ਚ ਰਹਿ ਰਿਹਾ ਸੀ। ਜਦੋਂ ਦਰਸ਼ਨ ਸਿੰਘ ਧੰਜਲ ਨੇ ਇਨ੍ਹਾਂ 'ਤੇ ਗੋਲੀਆਂ ਚਲਾਈਆਂ ਤਾਂ ਉਸ ਸਮੇਂ ਉਹ ਲਿਵਿੰਗ ਰੂਮ 'ਚ ਟੀ. ਵੀ. ਦੇਖ ਰਹੇ ਸਨ।
Crimeਦਰਸ਼ਨ ਧੰਜਲ ਦੀ ਨੂੰਹ ਨੇ ਦੱਸਿਆ ਕਿ ਜਦੋਂ ਉਸ ਨੇ ਚੀਕਣ ਦੀ ਅਵਾਜ਼ ਸੁਣੀ ਤਾਂ ਉਹ ਆਪਣੀ ਛੋਟੀ ਧੀ ਨਾਲ ਦੌੜੀ ਆਈ। ਉਸਨੇ ਦੇਖਿਆ ਕਿ ਉਸ ਦੇ ਮਾਂ-ਪਿਓ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਉੱਥੇ ਪਈਆਂ ਹੋਈਆਂ ਸਨ ਅਤੇ ਉਸ ਦੇ ਸਹੁਰੇ ਭਾਵ ਦਰਸ਼ਨ ਸਿੰਘ ਦੇ ਹੱਥ 'ਚ ਪਿਸਤੌਲ ਸੀ। ਇਨ੍ਹਾਂ ਦਾ ਕਤਲ ਕਰਨ ਤੋਂ ਬਾਅਦ ਦਰਸ਼ਨ ਸਿੰਘ ਨੇ ਉਸ 'ਤੇ ਵੀ ਪਿਸਤੌਲ ਤਾਣ ਦਿੱਤੀ ਸੀ ਪਰ ਉਹ ਭੱਜ ਕੇ ਦੂਜੇ ਕਮਰੇ 'ਚ ਚਲੇ ਗਈ ਅਤੇ ਅਪਣੀ ਜਾਨ ਬਚਾਈ। ਦਰਸ਼ਨ ਸਿੰਘ ਨੇ ਬੰਦੂਕ ਆਪਣੇ ਕਮਰੇ 'ਚ ਲੁਕਾ ਦਿੱਤੀ ਅਤੇ ਆਪ ਘਟਨਾ ਵਾਲੀ ਜਗ੍ਹਾ ਤੋਂ ਫਰਾਰ ਹੋ ਗਿਆ। ਕੁਝ ਸਮੇਂ ਪਿੱਛੋਂ ਪੁਲਿਸ ਨੇ ਦਰਸ਼ਨ ਸਿੰਘ ਧੰਜਲ ਨੂੰ ਹਿਰਾਸਤ 'ਚ ਲੈ ਲਿਆ।