
ਪੰਜਾਬ ਮੰਡੀ ਬੋਰਡ ਵਲੋਂ ਝੋਨੇ ਦੀ ਖ਼ਰੀਦ ਦੀਆਂ ਤਿਆਰੀਆਂ ਸ਼ੁਰੂ : ਲਾਲ ਸਿੰਘ
ਪਟਿਆਲਾ, 18 ਸਤੰਬਰ (ਰਾਜਿੰਦਰ ਸਿੰਘ ਥਿੰਦ): ਖਰੀਦ ਸੀਜ਼ਨ ਫ਼ਸਲ ਸਾਲ 2021-22 ਦੌਰਾਨ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਝੋਨੇ ਦੀ ਖ਼ਰੀਦ ਕਰਨ ਲਈ ਪੰਜਾਬ ਮੰਡੀ ਬੋਰਡ ਵਲੋਂ ਅਪਣੀਆਂ ਤਿਆਰੀਆਂ ਆਰੰਭ ਕਰ ਦਿਤੀਆਂ ਜਾਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨੀ ਦੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦੇਗੀ ਅਤੇ ਕਿਸਾਨ, ਆੜ੍ਹਤੀਆਂ ਅਤੇ ਰਾਈਸ ਮਿੱਲ ਮਾਲਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਲਾਹਕਾਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ।
ਉਨ੍ਹਾਂ ਦਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀ ਬੋਰਡ ਪੀਣ ਵਾਲੇ ਪਾਣੀ, ਬਿਜਲੀ, ਬੈਠਣ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰੇਗਾ। ਲਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ 72 ਘੰਟੇ ਦੇ ਅੰਦਰ-ਅੰਦਰ ਕਰਨ ਲਈ ਕੇਂਦਰ ਤੋਂ 42012 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਦੀ ਪ੍ਰਵਾਨਗੀ ਲਈ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਪਿਛਲੇ ਸਾਲ 202 ਲੱਖ ਟਨ ਦੇ ਮੁਕਾਬਲੇ ਇਸ ਸਾਲ 192 ਲੱਖ ਟਨ ਦੇ ਕਰੀਬ ਖ਼ਰੀਦ ਕਰਨਾ ਦਾ ਟੀਚਾ ਰਖਿਆ ਗਿਆ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿਨ ਕੈਬਨਿਟ ਦੀ ਮੀਟਿੰਗ ਵਿਚ ਖ਼ਰੀਦ ਫ਼ਸਲ ਸਾਲ 2021-22 ਟਨ ਦੀ ਖ਼ਰੀਦ ਅਤੇ ਕਸਟਮ ਮਿÇਲੰਗ ਪਾਲਿਸੀ ਨੂੰ ਸਰਕਾਰ ਵਲੋਂ ਅਪਣੀ ਪ੍ਰਵਾਨਗੀ ਦੇ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਪੰਜਾਬ ਅੰਦਰ 1850 ਪੱਕੀਆਂ ਮੰਡੀਆਂ ਅਤੇ 1 ਹਜ਼ਾਰ ਦੇ ਕਰੀਬ ਖ਼ਰੀਦ ਕੇਂਦਰ ਝੋਨੇ ਦੀ ਖ਼ਰੀਦ ਕਰਨ ਲਈ ਬਣਾਏ ਗਏ ਹਨ ਅਤੇ ਜੇ ਲੋੜ ਪਈ ਤਾਂ ਆਰਜੀ ਖਰੀਦ ਕੇਂਦਰ ਵੀ ਬਣਾਏ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਅੰਦਰ 4300 ਦੇ ਕਰੀਬ ਰਾਈਸ ਮਿੱਲਾਂ ਹਨ ਜਿਥੇ ਕਸਟਮ ਮਿÇਲੰਗ ਲਈ ਝੋਨੇ ਸਟੋਰ ਕੀਤਾ ਜਾਵੇਗਾ।
ਲਾਲ ਸਿੰਘ ਨੇ ਦਸਿਆ ਕਿ ਇਸ ਵਾਰ ਕਿਸਾਨਾਂ ਦਾ ਪੂਰਾ ਵੇਰਵਾ ਪੋਰਟਲ ’ਤੇ ਦਰਜ ਹੋਵੇਗਾ ਅਤੇ ਪੋਰਟਲ ’ਤੇ ਦਰਜ ਹੋਣ ਵਾਲੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਮਿਲੇਗੀ। ਉਨ੍ਹਾਂ ਦਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਡਿਜ਼ੀਟਲ ਜੇ-ਫਾਰਮ ਦੀ ਸਹੂਲਤ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਇਸ ਸਬੰਧੀ ਖ਼ਰੀਦ ਏਜੰਸੀਆਂ, ਆੜ੍ਹਤੀਆਂ, ਰਾਈਸ ਮਿੱਲ ਮਾਲਕਾਂ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਪੂਰੀ ਖ਼ਰੀਦ ਨਹੀਂ ਹੁੰਦੀ ਉਦੋਂ ਤੱਕ ਹਰਿਆਣਾ ਚਾਹੇ ਹੋਰ ਰਾਜਾਂ ਦੇ ਕਿਸਾਨਾਂ ਨੂੰ ਪੰਜਾਬ ਅੰਦਰ ਅਪਣੀ ਫਸਲ ਵੇਚਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਫੋਟੋ ਨੰ 18ਪੀਏਟੀ. 21-21-ਏ.