
ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਉ ਦੇ ਦੋਸ਼ਾਂ ਨੂੰ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ 'ਚ ਸਥਿਤੀ ਤਣਾਅਪੂਰਨ
ਪ੍ਰਬੰਧਕਾਂ ਨੇ ਯੂਨੀਵਰਸਿਟੀ ਦੋ ਦਿਨ ਲਈ ਬੰਦ ਕੀਤੀ, ਇਸ ਦੇ ਬਾਜਵੂਦ ਬੀਤੀ ਅੱਧੀ ਰਾਤ ਤੋਂ ਵਿਦਿਆਰਥੀਆਂ ਦਾ ਹੰਗਾਮਾ ਅਤੇ ਪ੍ਰਦਰਸ਼ਨ ਜਾਰੀ
ਚੰਡੀਗੜ੍ਹ, 18 ਸਤੰਬਰ (ਗੁਰਉਪਦੇਸ਼ ਭੁੱਲਰ): ਵਿਦਿਆਰਥਣਾਂ ਦੀ ਅਸ਼ਲੀਲ ਵੀਡੀਉ ਬਣਾ ਕੇ ਵਾਇਰਲ ਕਰਨ ਦੇ ਕਥਿਤ ਦੋਸ਼ਾਂ ਨੂੰ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਵਿਚ ਬੀਤੀ ਅੱਧੀ ਰਾਤ ਨੂੰ ਹੋਏ ਭਾਰੀ ਹੰਗਾਮੇ ਤੋਂ ਬਾਅਦ ਅੱਜ ਦਿਨ ਭਰ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਦੇ ਬਿਆਨਾਂ 'ਤੇ ਕਾਰਵਾਈ ਬਾਅਦ ਸ਼ਾਮ ਨੂੰ ਯੂਨੀਵਰਸਿਟੀ ਵਿਚ ਮੁੜ ਤੋਂ ਹੰਗਾਮੇ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ |
ਡੀ.ਸੀ., ਐਸ.ਐਸ.ਪੀ. ਅਤੇ ਆਈ.ਜੀ. ਪੱਧਰ ਦੇ ਅਧਿਕਾਰੀ ਖ਼ੁਦ ਉਥੇ ਪਹੁੰਚ ਕੇ ਖ਼ਬਰ ਲਿਖੇ ਜਾਣ ਤਕ ਪ੍ਰਦਰਸ਼ਨ
ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਮਨਾਉਣ ਲਈ ਯਤਨ ਕਰ ਰਹੇ ਸਨ ਪਰ ਵਿਦਿਆਰਥੀ ਪਿਛੇ ਹਟਣ ਲਈ ਤਿਆਰ ਨਹੀਂ ਸਨ | ਸਥਿਤੀ ਤਣਾਅਪੂਰਨ ਹੋਣ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਬੰਧਕਾਂ ਨੇ ਦੋ ਦਿਨ ਦੀ ਛੁੁੱਟੀ ਵੀ ਕਰ ਦਿਤੀ ਹੈ ਪਰ ਇਸ ਦੇ ਬਾਵਜੂਦ ਹਜ਼ਾਰਾਂ ਵਿਦਿਆਰਥੀ ਰੋਸ ਪ੍ਰਦਰਸ਼ਨ ਵਿਚ ਲੱਗੇ ਹੋਏ ਹਨ | ਬੀਤੀ ਅੱਧੀ ਰਾਤ ਨੂੰ ਯੂਨੀਵਰਸਿਟੀ ਦੇ ਇਕ ਹੋਸਟਲ ਵਿਚ ਅਸ਼ਲੀਲ ਵੀਡੀਉ ਬਣਾਉਣ ਦੇ ਮੁੱਦੇ ਉਪਰ ਵਿਦਿਆਰਥੀਆਂ ਨੇ ਹੰਗਾਮਾ ਸ਼ੁਰੂ ਕਰ ਦਿਤਾ ਸੀ | ਕੁੱਝ ਵਿਦਿਆਰਥਣਾਂ ਵਲੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਤੇ 60 ਦੇ ਕਰੀਬ ਹੋਰ ਵਿਦਿਆਰਥਣਾਂ ਦੇ ਅਸ਼ਲੀਲ ਵੀਡੀਉ ਬਣਾਉਣ ਦੇ ਦੋਸ਼ ਲਾਏ ਗਏ ਸਨ ਪਰ ਪੁਲਿਸ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਮੁਢਲੀ ਜਾਂਚ ਦੀ ਗੱਲ ਕਰ ਕੇ ਇਨ੍ਹਾਂ ਸੱਭ ਦੋਸ਼ਾਂ ਨੂੰ ਗ਼ਲਤ ਦਸਿਆ ਸੀ | ਡੀ.ਸੀ.ਤੇ ਐਸ.ਐਸ.ਪੀ. ਨੇ ਖ਼ੁਦ ਕਿਹਾ ਸੀ ਕਿ ਸਿਰਫ਼ ਇਕ ਕੁੜੀ ਦਾ ਮਾਮਲਾ ਹੈ ਜਿਸ ਨੇ ਅਪਣੇ ਦੋਸਤ ਸ਼ਿਮਲਾ ਦੇ ਲੜਕੇ ਨੂੰ ਅਪਣੀ ਵੀਡੀਉ ਭੇਜੀ ਹੈ | ਇਸ ਤੇ ਵਿਦਿਆਰਥੀ ਹੋਰ ਭੜਕ ਗਏ ਹਨ ਅਤੇ ਸਥਿਤੀ ਟਕਰਾਅ ਤੇ ਤਣਾਅ ਵਾਲੀ ਬਣੀ ਹੋਈ ਹੈ |
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਪ੍ਰਬੰਧਨਾਂ ਨੂੰ ਬਚਾਉਣ ਦੇ ਯਤਨ ਕਰ ਰਹੇ ਹਨ | ਬਾਕੀ ਲੜਕੀਆਂ ਦੀਆਂ ਵੀਡੀਉ ਗਿ੍ਫ਼ਤਾਰ ਲੜਕੀ ਵਲੋਂ ਬੀਤੀ ਰਾਤ ਹੀ ਅਪਣੇ ਦੋਸਤ ਨਾਲ ਮਿਲ ਕੇ ਡਲੀਟ ਕਰਨ ਦੇ ਦੋਸ਼ ਲਾਏ ਗਏ ਹਨ | ਇਸੇ ਦੌਰਾਨ ਜਿਥੇ ਇਕ ਲੜਕੀ ਨੂੰ ਐਫ਼.ਆਈ.ਆਰ. ਦਰਜ ਕਰਨ ਬਾਅਦ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ,ਉਥੇ ਉਸ ਦੇ ਦੋਸਤ ਦੀ ਵੀ ਸ਼ਿਮਲਾ ਵਿਚ ਹਿਮਾਚਲ ਪੁਲਿਸ ਦੀ ਮਦਦ ਨਾਲ ਗਿ੍ਫ਼ਤਾਰੀ ਹੋ ਚੁੱਕੀ ਹੈ |