
ਅਕਾਲੀ ਦਲ ਤੋਂ ਬਾਗ਼ੀ ਹੋਏ ਆਗੂਆਂ ਨੂੰ ਅਕਾਲੀ ਦਲ ਦੇ ਆਈ ਟੀ ਵਿੰਗ ਨੇ ਯਾਦ ਕਰਵਾਉਣਾ ਸ਼ੁਰੂ ਕਰ ਦਿਤਾ ਹੈ ਕਿ..........
ਤਰਨਤਾਰਨ : ਅਕਾਲੀ ਦਲ ਤੋਂ ਬਾਗ਼ੀ ਹੋਏ ਆਗੂਆਂ ਨੂੰ ਅਕਾਲੀ ਦਲ ਦੇ ਆਈ ਟੀ ਵਿੰਗ ਨੇ ਯਾਦ ਕਰਵਾਉਣਾ ਸ਼ੁਰੂ ਕਰ ਦਿਤਾ ਹੈ ਕਿ ਉਨ੍ਹਾਂ ਉਤੇ ਪਾਰਟੀ ਨੇ ਕਿੰਨੇ ਅਹਿਸਾਨ ਕੀਤੇ ਹਨ। ਪਾਰਟੀ ਦੇ ਆਈ ਟੀ ਵਿੰਗ ਨੇ ਸੋਸ਼ਲ ਮੀਡੀਆ 'ਤੇ ਬਾਗ਼ੀ ਅਕਾਲੀਆਂ ਬਾਰੇ ਲੰਮੇ ਚੌੜੇ ਲੇਖ ਲਿਖ ਕੇ ਦਸਣਾ ਸ਼ੁਰੂ ਕੀਤਾ ਹੈ ਕਿ ਪਾਰਟੀ ਨੇ ਕਿੰਨਾ ਮਾਣ ਦੇ ਕੇ ਇਨ੍ਹਾਂ ਨੂੰ ਵੱਡੇ ਲੀਡਰ ਬਣਾਇਆ ਹੈ। ਬਿਆਨ ਵਿਚ ਲਿਖਿਆ ਗਿਆ ਹੈ ਕਿ
ਸੁਖਦੇਵ ਸਿੰਘ ਢੀਂਡਸਾ ਨੇ 1972 ਵਿਚ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਫਿਰ ਇਨ੍ਹਾਂ 1977 'ਚ ਅਕਾਲੀ ਦਲ ਵਲੋਂ ਚੋਣ ਲੜੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਇਨ੍ਹਾਂ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਫਿਰ ਉਸਤੋਂ ਬਾਅਦ 1980 ਅਤੇ 1985 'ਚ ਵੀ ਢੀਂਡਸਾ ਸਾਹਿਬ ਚੋਣ ਜਿੱਤੇ। ਇਸੇ ਤਰ੍ਹਾਂ ਹੋਰ ਵੇਰਵਾ ਦਿਤਾ ਗਿਆ ਹੈ।
ਇਹ ਵੀ ਕਿਹਾ ਗਿਆ ਹੈ ਕਿ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਨੇ 2000, 2002, 2007, 2012 ਅਤੇ 2017 'ਚ ਟਿਕਟ ਦਿਤੀ ਤੇ ਦੋ ਵਾਰ 2007 ਅਤੇ 2012 'ਚ ਮੰਤਰੀ ਬਣਾਇਆ। ਢੀਂਡਸਾ ਦੇ ਜਵਾਈ ਨੂੰ ਵੀ ਪਾਰਟੀ ਨੇ ਮੋਹਾਲੀ ਤੋਂ ਵਿਧਾਨ ਸਭਾ ਟਿਕਟ ਵੀ ਦਿਤੀ। ਕਿਹਾ ਗਿਆ ਹੈ ਕਿ ਇਸ ਤੋਂ ਵੱਧ ਪਾਰਟੀ ਕਿਸੇ ਦਾ ਮਾਣ ਸਤਿਕਾਰ ਕੀ ਕਰ ਸਕਦੀ ਹੈ।
ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਲਿਖਿਆ ਗਿਆ ਹੈ ਕਿ ਅਕਾਲੀ ਦਲ ਨੇ 1977, 1997, 2002, 2007 ਅਤੇ 2012 'ਚ ਉਨ੍ਹਾਂ ਨੂੰ ਵਿਧਾਨ ਸਭਾ ਦੀ ਚੋਣ ਲੜਨ ਲਈ ਟਿਕਟ ਦਿਤੀ ਅਤੇ ਦੋ ਵਾਰ 1997 ਅਤੇ 2007 'ਚ ਕੈਬਨਿਟ ਮੰਤਰੀ ਬਣਾਇਆ। 2012 ਦੀ ਚੋਣ ਹਾਰਨ 'ਤੇ ਬ੍ਰਹਮਪੁਰਾ ਨੂੰ ਪਾਰਟੀ ਨੇ 2014 'ਚ ਲੋਕ ਸਭਾ ਲਈ ਟਿਕਟ ਦਿਤੀ ਤੇ ਮੈਂਬਰ ਪਾਰਲੀਮੈਂਟ ਬਣਾਇਆ। ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ 2015 ਵਿਚ ਟਿਕਟ ਦੇ ਵਿਧਾਇਕ ਬਣਾਇਆ ਗਿਆ ਤੇ 2017 'ਚ ਫਿਰ ਟਿਕਟ ਦਿਤੀ ਪਰ ਉਹ ਹਾਰ ਗਏ।