
ਪਿਛਲੇ ਦੋ ਦਿਨਾਂ ਤੋਂ ਬਰਗਾੜੀ ਵਿਖੇ ਹੋਏ ਭਾਰੀ ਇਕੱਠ ਦੀ ਕਾਫ਼ੀ ਚਰਚਾ ਚੱਲ ਰਹੀ ਹੈ..ਜਿਸ ਨੇ ਅਕਾਲੀ ਦਲ ਦਾ ਪੱਤਾ ਸਾਫ਼ ਹੋ ਜਾਣ ਦੇ ਸੰਕੇਤ ਤਾਂ ਦਿਤੇ ਹੀ ਹਨ, ਨਾਲ...
ਮੁਹਾਲੀ (ਸ਼ਾਹ) : ਪਿਛਲੇ ਦੋ ਦਿਨਾਂ ਤੋਂ ਬਰਗਾੜੀ ਵਿਖੇ ਹੋਏ ਭਾਰੀ ਇਕੱਠ ਦੀ ਕਾਫ਼ੀ ਚਰਚਾ ਚੱਲ ਰਹੀ ਹੈ..ਜਿਸ ਨੇ ਅਕਾਲੀ ਦਲ ਦਾ ਪੱਤਾ ਸਾਫ਼ ਹੋ ਜਾਣ ਦੇ ਸੰਕੇਤ ਤਾਂ ਦਿਤੇ ਹੀ ਹਨ, ਨਾਲ ਹੀ ਕਾਂਗਰਸ ਨੂੰ ਵੀ ਚਿੰਤਾ ਵਿਚ ਪਾ ਦਿਤਾ ਹੈ। ਦਰਅਸਲ ਬਰਗਾੜੀ ਵਿਖੇ ਹੋਇਆ ਇਕੱਠ ਉਨ੍ਹਾਂ ਲੋਕਾਂ ਦਾ ਇਕੱਠ ਸੀ, ਜੋ ਦਿਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਲੈ ਕੇ ਗਏ ਸਨ।
Bargari Insaf Morcha
ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਨਹੀਂ ਬਲਕਿ ਕੁੱਲ ਲੋਕਾਈ ਦੇ ਮਾਰਗਦਰਸ਼ਕ ਹਨ, ਉਸੇ ਤਰ੍ਹਾਂ ਇਸ ਰੋਸ ਮਾਰਚ ਵਿਚ ਵੀ ਇਕੱਲੇ ਸਿੱਖਾਂ ਨੇ ਨਹੀਂ....ਬਲਕਿ ਸਾਰੇ ਧਰਮਾਂ ਦੇ ਲੋਕਾਂ ਨੇ ਹਾਜ਼ਰੀ ਲਵਾਈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦਰਦ ਹਰ ਪੰਜਾਬੀ ਭਾਵੇਂ ਉਹ ਸਿੱਖ ਹੈ, ਮੁਸਲਿਮ ਹੈ, ਇਸਾਈ ਹੈ ਜਾਂ ਫਿਰ ਹਿੰਦੂ ਹੈ, ਦੇ ਦਿਲ ਵਿਚ ਹੈ। ਇਸ ਲਈ ਬਰਗਾੜੀ ਇਨਸਾਫ਼ ਮੋਰਚੇ ਦੌਰਾਨ ਹੋਇਆ ਭਾਰੀ ਇਕੱਠ ਕਿਸੇ ਇਕ ਧਰਮ ਦਾ ਨਹੀਂ ਬਲਕਿ ਇਹ ਸਮੂਹ ਪੰਜਾਬੀਆਂ ਦਾ ਇਕੱਠ ਸੀ, ਜੋ ਬੇਅਦਬੀ ਮਾਮਲੇ 'ਤੇ ਅਕਾਲੀ ਦਲ ਦੀ ਮਾੜੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋ ਕੇ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਪੁੱਜੇ।
Bargari Insaf Morcha
ਭਾਵੇਂ ਕਿ ਅਕਾਲੀ ਦਲ ਵਲੋਂ ਕਾਂਗਰਸ 'ਤੇ ਬਰਗਾੜੀ ਬੈਠੇ ਪੰਥਕ ਆਗੂਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ, ਪਰ ਕਾਂਗਰਸ ਦੀ ਰੈਲੀ ਦੇ ਨੇੜੇ ਹੀ ਹੋਏ ਇਸ ਭਾਰੀ ਇਕੱਠ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਨਿਰਾਧਾਰ ਸਾਬਤ ਕਰ ਦਿਤਾ ਹੈ, ਜਦਕਿ ਹਕੀਕਤ ਇਹ ਹੈ ਕਿ ਬਰਗਾੜੀ ਵਿਚ ਹੋਏ ਇਕੱਠ ਨੇ ਕਾਂਗਰਸ ਦੇ ਮੱਥੇ 'ਤੇ ਵੀ ਚਿੰਤਾ ਦੀਆਂ ਲਕੀਰਾਂ ਖਿੱਚ ਦਿਤੀਆਂ ਹਨ, ਕਿਉਂਕਿ ਇਥੇ ਹੋਇਆ ਇਕੱਠ ਕਾਂਗਰਸ ਦੀ ਰੈਲੀ ਤੋਂ ਵੀ ਕਿਤੇ ਜ਼ਿਆਦਾ ਸੀ।
Bargari Insaf Morcha
ਬਰਗਾੜੀ ਵਿਚ ਹੋਏ ਭਾਰੀ ਇਕੱਠ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਇਕ ਆਸ ਦੀ ਕਿਰਨ ਜਾਗੀ ਹੈ, ਕਿਉਂਕਿ ਜਿੱਥੇ ਇਸ ਮੋਰਚੇ ਲਈ ਬਾਗੀ ਸੁਖਪਾਲ ਖਹਿਰਾ ਧੜੇ ਨੇ ਕਾਫ਼ੀ ਜ਼ੋਰ ਲਾਇਆ ਹੋਇਆ ਸੀ, ਉਥੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਵੀ ਇਸ ਇਨਸਾਫ਼ ਮੋਰਚੇ ਵਿਚ ਪਹੁੰਚੇ ਸਨ। ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਹੁਣ ਪੰਥਕ ਜਥੇਬੰਦੀਆਂ ਨੇ ਅਕਾਲੀ ਦਲ ਦੀ ਸਿਆਸੀ ਥਾਂ ਮੱਲ੍ਹਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ ਹਨ, ਜਿਸ ਦੇ ਮੱਦੇਨਜ਼ਰ ਵੱਖ-ਵੱਖ ਪੰਥਕ ਧਿਰਾਂ ਵਲੋਂ ਨਵਾਂ ਬਦਲ ਬਣਾਉਣ ਦੀ ਕਵਾਇਦ ਲਈ 20-21 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਮੀਟਿੰਗ ਸੱਦੀ ਗਈ ਹੈ।
Bargari Insaf Morcha
ਇਸ ਸਬੰਧੀ ਰੂਪ ਰੇਖਾ ਤਿਆਰ ਕਰਨ ਲਈ ਇਕ 10 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਫਿਰ ਤੋਂ ਇਨ੍ਹਾਂ ਆਗੂਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਵੇਂ ਕਿ ਆਮ ਆਦਮੀ ਪਾਰਟੀ ਬਰਗਾੜੀ ਵਿਖੇ ਹੋਏ ਭਾਰੀ ਇਕੱਠ ਤੋਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਪਰ ਜੇਕਰ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਬੇਅਦਬੀ ਮਾਮਲੇ 'ਤੇ ਮੁੱਖ ਦੋਸ਼ੀਆਂ ਨੂੰ ਲੈ ਕੇ ਕੋਈ ਵੱਡਾ ਧਮਾਕਾ ਕਰ ਦਿਤਾ ਤਾਂ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਹੱਥ ਆਈ ਬਾਜ਼ੀ ਨਿਕਲ ਸਕਦੀ ਹੈ। ਖ਼ੈਰ, ਇਕ ਗੱਲ ਤਾਂ ਸਪੱਸ਼ਟ ਹੈ ਕਿ ਬਰਗਾੜੀ ਵਿਖੇ ਪਹੁੰਚੇ ਲੋਕ ਉਸੇ ਦੇ ਹੱਕ ਵਿਚ ਨਿਤਰਨਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਏਗਾ।