
ਪੰਜਾਬ 'ਚ ਝੋਨੇ ਦੀ ਖ਼ਰੀਦ 201 ਲੱਖ ਟਨ ਤੋਂ ਵੀ ਟੱਪ ਗਈ
ਨਾ ਹਰਿਆਣਾ-ਯੂ.ਪੀ. ਤੋਂ ਐਤਕੀਂ ਝੋਨਾ ਆਇਆ, ਨਾ ਗਿਆ : ਲਾਲ ਸਿੰਘ
ਚੰਡੀਗੜ੍ਹ, 18 ਨਵੰਬਰ (ਜੀ.ਸੀ. ਭਾਰਦਵਾਜ) : ਪਿਛਲੇ 50 ਸਾਲਾਂ ਤੋਂ ਕੇਂਦਰ ਵਲੋਂ ਤੈਅਸ਼ੁਦਾ ਘੱਟੋ-ਘੱਟ ਸਮਰਥਨ ਮੁੱਲ 'ਤੇ ਪੰਜਾਬ ਦੀਆਂ ਮੰਡੀਆਂ 'ਚੋਂ ਕੇਂਦਰੀ ਅੰਨ ਭੰਡਾਰ ਲਈ ਖਰੀਦਿਆ ਜਾਂਦਾ ਹਰ ਸਾਲ ਝੋਨਾ ਐਤਕੀਂ 201 ਲੱਖ ਟਨ ਤੋਂ ਵੀ ਟੱਪ ਗਿਆ ਅਤੇ ਅਜੇ ਵੀ ਮੰਡੀ ਬੋਰਡ ਵਲੋਂ ਸਥਾਪਤ 1430 ਪੱਕੇ ਖ਼ਰੀਦ ਕੇਂਦਰਾਂ 'ਚ ਰੋਜ਼ਾਨਾ ਆਮਦ ਜਾਰੀ ਹੈ।
ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਬਾਵਜੂਦ, ਸਾਰੀਆਂ ਬੰਦਸ਼ਾਂ ਦੇ ਚਲਦਿਆਂ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਰੋਕ-ਟੋਕ ਤੋਂ ਪੰਜਾਬ ਦੀਆਂ 4 ਏਜੰਸੀਆਂ ਪਨਸਪ, ਪਨਗ੍ਰੇਨ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਸਮੇਤ ਕੇਂਦਰ ਦੀ ਐਫ਼.ਸੀ.ਆਈ. ਨੇ ਕ੍ਰਮਵਾਰ 42 ਲੱਖ ਟਨ, 82 ਲੱਖ, 51 ਲੱਖ ਤੇ 21 ਲੱਖ ਟਨ ਝੋਨਾ ਅਤੇ ਤਿੰਨ ਲੱਖ ਟਨ (ਐਫ਼.ਸੀ.ਆਈ.) ਤੇ ਬਾਕੀ ਵਪਾਰੀਆਂ ਨੇ ਖਰੀਦਿਆ।
ਰੋਜ਼ਾਨਾ ਸਪੋਕਸਮੈਨ ਨਾਲ ਅੱਜ ਸ਼ਾਮ ਵਿਸ਼ੇਸ਼ ਗੱਲਬਾਤ ਰਾਹੀਂ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਦਸਿਆ ਕਿ ਅਨਾਜ ਸਪਲਾਈ ਮਹਿਕਮੇ ਨੇ ਨਾਲੋ-ਨਾਲ ਕਿਸਾਨਾਂ-ਆੜ੍ਹਤੀਆਂ ਨੂੰ ਹੁਣ ਤਕ 35 ਹਜ਼ਾਰ ਕਰੋੜ ਦੀ ਅਦਾਇਗੀ ਬੈਂਕਾਂ ਰਾਹੀਂ ਕਰ ਦਿਤੀ ਹੈ। ਕੁਲ ਕੈਸ਼-ਕ੍ਰੈਡਿਟ ਲਿਮਟ 44000 ਕਰੋੜ ਦੀ ਰਿਜ਼ਰਵ ਬੈਂਕ ਨੇ ਮਨਜ਼ੂਰ ਕੀਤੀ ਹੋਈ ਹੈ। ਸ. ਲਾਲ ਸਿੰਘ ਨੇ ਕਿਹਾ ਕਿ ਐਤਕੀਂ ਵਧੀਆ ਮੌਸਮ ਅਤੇ ਕਿਸਾਨਾਂ ਦੀ ਮਿਹਨਤ ਸਦਕਾ, ਪਿਛਲੇ ਸਾਲ ਨਾਲੋਂ 15-18 ਫ਼ੀ ਸਦੀ ਵਧ ਝਾੜ ਨਿਕਲਿਆ ਹੈ ਅਤੇ ਝੋਨੇ ਦੀ ਗੁਣਵੱਤਾ ਵੀ ਪਿਛਲੇ ਸਾਲਾਂ ਨਾਲੋਂ ਵਧੀਆ ਰਹੀ ਹੈ।
ਇਹ ਪੁਛੇ ਜਾਣ 'ਤੇ ਕਿ ਕੇਂਦਰ ਸਰਕਾਰ ਦੇ ਅੜੀਅਲ ਰਵਈਏ, ਮਾਲ ਗੱਡੀਆਂ ਰੁਕਣ, ਕੇਂਦਰੀ ਖੇਤੀ ਬਿੱਲ ਪਾਸ ਕਰਨ, ਬਾਹਰੋਂ ਝੋਨਾ ਪੰਜਾਬ 'ਚ ਆਉਣ ਤੇ ਹੋਰ ਬੰਦਸ਼ਾਂ ਕਰ ਕੇ ਕਾਫ਼ੀ ਮਸੀਬਤਾਂ ਆਈਆਂ ਦੇ ਜਵਾਬ 'ਚ ਸ. ਲਾਲ ਸਿੰਘ ਨੇ ਸਪਸ਼ਟ ਕੀਤਾ ਕਿ ਇਸ ਵਾਰ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੀ ਹੱਦ 'ਤੇ ਬੈਰੀਕੇਡ ਲਗਾਏ ਸਨ, ਬਾਹਰੋਂ ਨਾ ਝੋਨਾ ਆਇਆ, ਨਾ ਹੀ ਪੰਜਾਬ ਤੋਂ ਗਿਆ, ਉਲਟਾ ਪੰਜਾਬ ਦੇ ਕਿਸਾਨਾਂ 1888 ਰੁਪਏ ਤੋਂ 1895 ਰੁਪਏ ਪ੍ਰਤੀ ਕੁਇੰਟਲ ਰੇਟ ਦਿਤਾ ਗਿਆ।
ਚੇਅਰਮੈਨ ਜਿਨ੍ਹਾਂ ਨੂੰ ਕੈਬਨਿਟ ਰੈਂਕ ਮਿਲਿਆ ਹੋਇਆ ਹੈ ਅਤੇ 6 ਵਾਰ ਐਮ.ਐਲ.ਏ. ਰਹੇ ਹਨ, ਤਿੰਨ ਟਰਮ ਮੰਤਰੀ ਵੀ ਰਹੇ ਹਨ, ਨੇ ਮੌਜੂਦਾ ਸਿਆਸੀ ਹਾਲਤ ਬਾਰੇ ਅਤੇ 2022 'ਚ ਵਿਧਾਨ ਸਭਾ ਚੋਣਾਂ ਸਬੰਧੀ, ਬੀ.ਜੇ.ਪੀ. ਦੇ ਭਵਿੱਖ 'ਤੇ ਹੱਸ ਕੇ ਜਵਾਬ ਦਿਤਾ ਕਿ ਇਹ ਪਾਰਟੀ ਭਾਵੇਂ 117 ਸੀਟਾਂ ਉਪਰ ਚੋਣ ਲੜ ਲਵੇ, 23 ਹਜ਼ਾਰ ਪੋਲਿੰਗ ਬੂਥਾਂ 'ਤੇ ਵਰਕਰ ਤੈਨਾਤ ਕਰ ਦੇਵੇ, ਹਿੰਦੂਤਵ ਤੇ ਰਾਮ ਮੰਦਰ ਦੇ ਮੁੱਦੇ ਉਛਾਲ ਲਵੇ, ਇਸ ਦਾ ਖਾਤਾ ਵੀ ਨਹੀਂ ਖੁਲ੍ਹੇਗਾ ਕਿਉੁਂਕਿ ਕਿਸਾਨਾਂ ਦਾ ਗੁੱਸਾ ਅਜੇ ਹੋਰ ਕਈ ਸਾਲ ਜਾਰੀ ਰਹੇਗਾ।
ਸ. ਲਾਲ ਸਿੰਘ ਨੇ ਕਿਹਾ ਕਿ ਬੀ.ਜੇ.ਪੀ. ਪ੍ਰਧਾਨ ਜੇ.ਪੀ. ਨੱਢਾ ਦੀ ਪੰਜਾਬ ਫੇਰੀ ਦਾ ਵਿਰੋਧ, ਕਾਲੀਆਂ ਝੰਡੀਆਂ ਨਾਲ ਕਾਂਗਰਸ ਸਮੇਤ ਬਾਕੀ ਪਾਰਟੀਆਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਕਰਨਗੀਆਂ।
ਕਾਂਗਰਸ ਦੇ ਭਵਿੱਖ ਬਾਰੇ ਬਾਕੀ ਸਾਰੇ ਮੁਲਕ 'ਚ ਪਤਲੀ ਹਾਲਤ ਹੋ ਰਹੀ ਦਿਨ-ਬ-ਦਿਨ ਸਬੰਧੀ ਪੁਛੇ ਸਵਾਲ ਦੇ ਜਵਾਬ ਤੋਂ ਸ. ਲਾਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਜ਼ਬੂਤ ਅਗਵਾਈ 'ਚ ਪੰਜਾਬ 'ਚ ਕਾਂਗਰਸ ਦੇ ਪੈਰ ਪੱਕੇ ਜੰਮ ਚੁੱਕੇ ਹਨ।
ਅਜੇ ਵੀ ਖਰੀਦ ਪੱਕੇ 1400 ਕੇਂਦਰਾਂ 'ਤੇ ਜਾਰੀ
ਕਿਸਾਨਾਂ-ਆੜ੍ਹਤੀਆਂ ਨੂੰ 35 ਹਜ਼ਾਰ ਕਰੋੜ ਅਦਾਇਗੀ ਨਾਲੋ-ਨਾਲ ਹੋਈ
ਮਾਲ ਗੱਡੀਆਂ ਬੰਦ ਹੋਣ ਕਾਰਨ 35 ਲੱਖ ਟਨ ਅਨਾਜ ਰੁਕਿਆ