
1 ਦਸੰਬਰ ਤੋਂ ਹਫ਼ਤੇ 'ਚ 3 ਦਿਨ ਉਡਾਣ ਭਰੇਗੀ ਇੰਡੀਗੋ ਦੀ ਫਲਾਈਟ
ਕਿਫ਼ਾਇਤੀ ਅਤੇ ਘੱਟ ਸਮੇਂ ਵਿਚ ਪੂਰਾ ਹੋਵੇਗਾ ਸਫ਼ਰ
ਅੰਮ੍ਰਿਤਸਰ : ਇੰਡੀਗੋ ਏਅਰਲਾਈਨਜ਼ ਦੀ ਨਵੀਂ ਉਡਾਣ 1 ਦਸੰਬਰ ਤੋਂ ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ ਉਡਾਣ ਭਰੇਗੀ। ਇੰਡੀਗੋ ਨੇ ਦੋਵਾਂ ਸ਼ਹਿਰਾਂ ਵਿਚਾਲੇ ਹਫ਼ਤੇ 'ਚ ਤਿੰਨ ਵਾਰ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇੰਡੀਗੋ ਏਅਰਲਾਈਨਜ਼ ਨੇ ਇਹ ਫ਼ੈਸਲਾ ਉਦੋਂ ਲਿਆ ਹੈ ਜਦੋਂ ਸਪਾਈਸ ਜੈੱਟ ਨੇ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਬੰਦ ਕਰ ਦਿੱਤੀ ਹੈ।
ਇੰਡੀਗੋ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਲਾਈਨ 1 ਦਸੰਬਰ ਤੋਂ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਉਡਾਣ ਭਰੇਗੀ। ਇਹ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7:25 'ਤੇ ਉਡਾਣ ਭਰੇਗੀ ਅਤੇ ਰਾਤ 9:35 'ਤੇ ਗੁਜਰਾਤ ਦੇ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਗੀ। ਇਸੇ ਤਰ੍ਹਾਂ ਇਹ ਫਲਾਈਟ ਅਹਿਮਦਾਬਾਦ ਤੋਂ ਸ਼ਾਮ 4:50 'ਤੇ ਉਡਾਨ ਭਰੇਗੀ ਅਤੇ ਸ਼ਾਮ 6:55 'ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਗੀ।
ਪਿਛਲੇ ਮਹੀਨੇ ਤੱਕ ਅੰਮ੍ਰਿਤਸਰ-ਅਹਿਮਦਾਬਾਦ ਮਾਰਗ 'ਤੇ ਸਪਾਈਸ ਜੈੱਟ ਦੀਆਂ ਉਡਾਣਾਂ ਰੋਜ਼ਾਨਾ ਉਡਾਣ ਭਰ ਰਹੀਆਂ ਸਨ। ਜਿਸ ਦੀ ਟਿਕਟ ਕਰੀਬ 7 ਹਜ਼ਾਰ ਰੁਪਏ ਸੀ। ਪਰ ਸਹੀ ਸਮੇਂ 'ਤੇ ਇੰਡੀਗੋ ਦੀ ਟਿਕਟ ਬੁੱਕ ਕਰਨ 'ਤੇ ਇਹ ਲਗਭਗ 5,000 ਰੁਪਏ ਵਿੱਚ ਬੁੱਕ ਹੋ ਜਾਂਦੀ ਹੈ। ਦੋਨਾਂ ਸ਼ਹਿਰਾਂ ਦੀ ਯਾਤਰਾ 2:35 ਘੰਟਿਆਂ ਵਿੱਚ ਪੂਰੀ ਹੁੰਦੀ ਸੀ, ਇੰਡੀਗੋ ਦੀ ਫਲਾਈਟ ਸਿਰਫ 2:10 ਘੰਟਿਆਂ ਵਿੱਚ ਪਹੁੰਚ ਜਾਵੇਗੀ।
ਪੰਜਾਬ ਨਾਲ ਗੁਜਰਾਤ ਦੇ ਮਜ਼ਬੂਤ ਸਬੰਧ ਵਪਾਰ ਕਰਕੇ ਹੀ ਹਨ। ਕਈ ਕਾਰੋਬਾਰੀ ਰੋਜ਼ਾਨਾ ਅੰਮ੍ਰਿਤਸਰ ਤੋਂ ਗੁਜਰਾਤ ਲਈ ਉਡਾਣ ਭਰਦੇ ਹਨ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਵਪਾਰ ਵਿੱਚ ਸੁਧਾਰ ਹੋਵੇਗਾ। ਦੂਜੇ ਪਾਸੇ ਵਪਾਰੀ ਇੱਕ ਹਫ਼ਤੇ ਦਾ ਸਫ਼ਰ ਦੋ-ਤਿੰਨ ਦਿਨਾਂ ਵਿੱਚ ਪੂਰਾ ਕਰ ਕੇ ਵਾਪਸ ਆਪਣੇ ਸ਼ਹਿਰ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਗੁਜਰਾਤ ਤੋਂ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਭ ਮਿਲੇਗਾ। ਇਸ ਨਾਲ ਪੰਜਾਬ ਵਿੱਚ ਸੈਰ ਸਪਾਟੇ ਵਿੱਚ ਵੀ ਸੁਧਾਰ ਹੋਵੇਗਾ।