ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼, ਸਾਈਨ ਬੋਰਡਾਂ ਉੱਤੇ ਪਹਿਲੇ ਨੰਬਰ 'ਤੇ ਲਿਖੀ ਜਾਵੇ ਪੰਜਾਬੀ
Published : Nov 19, 2022, 5:20 pm IST
Updated : Nov 19, 2022, 5:20 pm IST
SHARE ARTICLE
Bhagwant Mann
Bhagwant Mann

21 ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਤੱਕ ਨਵੇਂ ਸਾਈਨ ਬੋਰਡ ਲਗਾਉਣ ਲਈ ਕਿਹਾ

ਕੋਈ ਵੀ ਆਪਣੇ ਅਮੀਰ ਸੱਭਿਆਚਾਰ ਅਤੇ ਮਾਂ-ਬੋਲੀ ਤੋਂ ਵੱਖ ਹੋ ਕੇ ਨਹੀਂ ਰਹਿ ਸਕਦਾ

ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਝੁੰਡ ਵਿੱਚ ਪੰਜਾਬੀਆਂ ਦੇ ਆਪਣੀ ਮਾਂ ਬੋਲੀ ਤੋਂ ਦੂਰ ਹੋਣ ਉਤੇ ਅਫ਼ਸੋਸ ਪ੍ਰਗਟਾਇਆ

ਪੰਜਾਬੀ ਮਹੀਨਾ ਮਨਾਉਣ ਲਈ ਰਾਜ ਪੱਧਰੀ ਸਮਾਗਮ ਦੀ ਕੀਤੀ ਪ੍ਰਧਾਨਗੀ

ਅੰਮ੍ਰਿਤਸਰ -  ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੂਬੇ ਭਰ ਦੀਆਂ ਸਾਰੀਆਂ ਨਿੱਜੀ ਅਤੇ ਸਰਕਾਰੀ ਇਮਾਰਤਾਂ 'ਤੇ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ ਲਗਾਉਣ ਲਈ ਲਹਿਰ ਸ਼ੁਰੂ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਮਹੀਨਾ ਮਨਾਉਣ ਸਬੰਧੀ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ, ਤਾਮਿਲਨਾਡੂ ਅਤੇ ਹੋਰ ਸੂਬਿਆਂ ਦੀਆਂ ਉਦਾਹਰਣਾਂ ਦਿੱਤੀਆਂ, ਜਿੱਥੇ ਲੋਕ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਦੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ 'ਤੇ ਉਨ੍ਹਾਂ ਦੀ ਮਾਂ-ਬੋਲੀ ਵਿਚ ਸਾਈਨ ਬੋਰਡ ਲੱਗੇ ਹੋਏ ਹਨ।

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਪੰਜਾਬੀਆਂ ਨੂੰ ਵੀ ਇਸ ਨੇਕ ਰਵਾਇਤ ਨੂੰ ਅਪਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਸਾਈਨ ਬੋਰਡਾਂ 'ਤੇ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਪ੍ਰਮੁੱਖਤਾ ਨਾਲ ਲਿਖਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਲੋਕ 21 ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਤੋਂ ਪਹਿਲਾਂ ਪੰਜਾਬੀ ਵਿੱਚ ਸਾਈਨ ਬੋਰਡ ਲਾਉਣੇ ਯਕੀਨੀ ਬਣਾਉਣ। ਉਨ੍ਹਾਂ ਮਾਂ ਬੋਲੀ ਦੇ ਸਤਿਕਾਰ ਲਈ ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸੂਝਵਾਨ ਪੰਜਾਬ ਵਾਸੀ 21 ਫਰਵਰੀ ਤੋਂ ਪਹਿਲਾਂ ਇਸ ਨੂੰ ਅਪਣਾ ਲੈਣਗੇ ਅਤੇ ਉਸ ਤੋਂ ਬਾਅਦ ਸਰਕਾਰ ਕਾਰਵਾਈ ਕਰੇਗੀ।

ਮੁੱਖ ਮੰਤਰੀ ਨੇ ਭਾਰਤ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਤ ਕਰਨ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਹ ਹਕੀਕਤ ਹੈ ਕਿ ਕੋਈ ਵੀ ਆਪਣੇ ਅਮੀਰ ਸੱਭਿਆਚਾਰ ਅਤੇ ਮਾਂ-ਬੋਲੀ ਤੋਂ ਦੂਰ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਅੰਗਰੇਜ਼ੀ ਨੂੰ ਵਿਸ਼ਵ ਭਰ ਵਿੱਚ ਇਕ ਸੰਪਰਕ ਭਾਸ਼ਾ ਵਜੋਂ ਮਾਨਤਾ ਮਿਲੀ ਹੋਈ ਹੈ ਪਰ ਇਸ ਭਾਸ਼ਾ ਨੂੰ ਸਾਡੀ ਮਾਂ-ਬੋਲੀ ਦੀ ਕੀਮਤ 'ਤੇ ਅੱਗੇ ਨਹੀਂ ਵਧਾਇਆ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਬਜਾਏ ਹਰੇਕ ਪੰਜਾਬੀ ਨੂੰ ਵਿਰਾਸਤ ਵਿੱਚ ਮਿਲੇ ਆਪਣੇ ਸ਼ਾਨਦਾਰ ਸੱਭਿਆਚਾਰਕ ਵਿਰਸੇ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ-ਫ਼ਕੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਅਤੇ ਇਹ ਯੁੱਗਾਂ ਤੋਂ ਮਨੁੱਖਤਾ ਲਈ ਇੱਕ ਮਸ਼ਾਲ ਦਾ ਕੰਮ ਕਰਦਾ ਆ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆ ਭਰ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਤਾਂ ਇਹ ਸਰਾਪ ਹੈ ਪਰ ਬਦਕਿਸਮਤੀ ਨਾਲ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਲਾਲਚ ਵਿੱਚ ਪੰਜਾਬ ਵਾਸੀ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਨੱਥ ਪਾਉਣ ਦੀ ਲੋੜ ਹੈ ਕਿਉਂਕਿ ਇਹ ਇਕ ਪ੍ਰਮਾਣਿਤ ਤੱਥ ਹੈ ਕਿ ਮਨੁੱਖ ਆਪਣੀ ਮਾਂ-ਬੋਲੀ ਵਿਚ ਹੀ ਵਧੀਆ ਢੰਗ ਨਾਲ ਗੱਲਬਾਤ ਅਤੇ ਪ੍ਰਗਟਾਵੇ ਕਰ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮਾਨਸਿਕ ਗੁਲਾਮੀ ਕਾਰਨ ਅਸੀਂ ਅੱਜ ਵੀ ਅੰਗਰੇਜ਼ੀ ਭਾਸ਼ਾ ਦੀ ਉੱਤਮਤਾ ਵਿੱਚ ਵਿਸ਼ਵਾਸ ਰੱਖਦੇ ਹਾਂ, ਜਦੋਂ ਕਿ ਅਸਲੀਅਤ ਇਹ ਹੈ ਕਿ ਪੰਜਾਬੀ ਸਾਡੇ ਵਿੱਚੋਂ ਹਰ ਇਕ ਦੀ ਸ਼੍ਰੋਮਣੀ ਭਾਸ਼ਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਮੁਲਕਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਇੱਥੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਬੋਲਣ ਤੋਂ ਕੰਨੀ ਕਤਰਾਉਂਦੇ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਭਾਸ਼ਾ ਬੌਧਿਕਤਾ ਦਾ ਪ੍ਰਤੀਕ ਨਹੀਂ ਪਰ ਬਦਕਿਸਮਤੀ ਨਾਲ ਅਸੀਂ ਸਿਰਫ਼ ਅੰਗਰੇਜ਼ੀ ਦੀ ਪੈਂਠ ਬਣਾਉਣ ਲਈ ਆਪਣੀ ਮਾਂ ਬੋਲੀ ਨੂੰ ਲਗਾਤਾਰ ਅੱਖੋਂ-ਪਰੋਖੇ ਕਰ ਰਹੇ ਹਾਂ। ਭਗਵੰਤ ਮਾਨ ਨੇ ਫਰਾਂਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਫਰਾਂਸ ਦੇ ਲੋਕ ਆਪਣੀ ਮਾਂ-ਬੋਲੀ ਵਿੱਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਵੀ ਪੰਜਾਬੀ ਭਾਸ਼ਾ ਨੂੰ ਆਪਣੇ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਇੱਕ ਅਨਮੋਲ ਖਜ਼ਾਨਾ ਹੈ ਕਿਉਂਕਿ ਇਸ ਵਿੱਚ ਬਹੁਤ ਸਾਰਾ ਸਾਹਿਤ, ਗੀਤ, ਕਵਿਤਾਵਾਂ ਅਤੇ ਹੋਰ ਸਮੱਗਰੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਇਸ ਦੁਰਲੱਭ ਸਰਮਾਏ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਇਮ ਰੱਖਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਆਪਣੀ ਭਾਸ਼ਾ, ਸੱਭਿਆਚਾਰ ਅਤੇ ਰਵਾਇਤਾਂ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇਸ ਨੇਕ ਕਾਰਜ ਲਈ ਮਾਰਗਦਰਸ਼ਨ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਇਸ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਵਾਸਤੇ ਵਿਦਿਅਕ ਸੰਸਥਾਵਾਂ ਨੂੰ ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ ਕੋਰਸ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਵਿਦਿਆਰਥੀਆਂ ਦੀਆਂ ਸਿਰਜਣਾਤਮਕਤਾ ਰੁਚੀਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੇ ਬਹੁਤ ਸਾਰੇ ਮਹਾਨ ਸਾਹਿਤਕਾਰ, ਬੁੱਧੀਜੀਵੀ ਅਤੇ ਕਵੀ ਪੈਦਾ ਕੀਤੇ ਹਨ ਅਤੇ ਪੰਜਾਬੀਆਂ ਨੂੰ ਹਮੇਸ਼ਾ ਹੀ ਇਨ੍ਹਾਂ 'ਤੇ ਮਾਣ ਹੈ।

ਇਸ ਤੋਂ ਪਹਿਲਾਂ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਉਣ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣੂੰ ਕਰਵਾਇਆ। ਮੀਤ ਹੇਅਰ ਨੇ ਕਿਹਾ ਕਿ ਮਾਤ ਭਾਸ਼ਾ ਕਿਸੇ ਵੀ ਵਿਅਕਤੀ ਲਈ ਸੰਚਾਰ ਦਾ ਸਭ ਤੋਂ ਮਹੱਤਵਪੂਰਨ ਵਸੀਲਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੀਆਂ ਨਵੀਆਂ ਕਿਤਾਬਾਂ ਵੀ ਜਾਰੀ ਕੀਤੀਆਂ। ਇਸ ਦੌਰਾਨ ਉਨ੍ਹਾਂ ਉੱਘੇ ਸਾਹਿਤਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement