
ਯੂਐਫ਼ਓ ਅਤੇ ਏਲੀਅਨ ਮਤਲਬ ਦੂਜਿਆਂ ਗ੍ਰਹਿ ਨੂੰ ਲੈ ਕੇ ਅਕਸਰ ਵਿਦੇਸ਼ਾਂ ਤੋਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਕਈ ਜਗ੍ਹਾ ਯੂਐਫ਼ਓ ਅਤੇ ਏਲੀਅਨ...
ਨੰਗਲ (ਸਸਸ) : ਯੂਐਫ਼ਓ ਅਤੇ ਏਲੀਅਨ ਮਤਲਬ ਦੂਜਿਆਂ ਗ੍ਰਹਿ ਨੂੰ ਲੈ ਕੇ ਅਕਸਰ ਵਿਦੇਸ਼ਾਂ ਤੋਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਕਈ ਜਗ੍ਹਾ ਯੂਐਫ਼ਓ ਅਤੇ ਏਲੀਅਨ ਵੇਖੇ ਜਾਣ ਦੇ ਦਾਅਵੇ ਵੀ ਹੁੰਦੇ ਰਹੇ ਹਨ ਪਰ ਭਾਰਤ ਵਿਚ ਅਜਿਹਾ ਘੱਟ ਹੀ ਹੁੰਦਾ ਹੈ। ਪੰਜਾਬ ਦੇ ਨੰਗਲ ਸ਼ਹਿਰ ਵਿਚ ਮੰਗਲਵਾਰ ਸ਼ਾਮ ਅਸਮਾਨ ਵਿਚ ਤੇਜ਼ ਰੋਸ਼ਨੀ ਦੇ ਨਾਲ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਰੋਸ਼ਨੀ ਇੰਨੀ ਤੇਜ਼ ਸੀ ਕਿ ਰਾਤ ਦੇ ਸਮੇਂ ਕੁੱਝ ਪਲਾਂ ਲਈ ਦਿਨ ਵਰਗਾ ਚਾਨਣ ਹੋ ਗਿਆ।
Blast in Nangalਧਮਾਕਾ ਇੰਨਾ ਤੇਜ਼ ਸੀ ਕਿ ਇਹ ਨੰਗਲ ਉਪਮੰਡਲ ਤੋਂ ਇਲਾਵਾ ਹਿਮਾਚਲ ਦੇ ਸ਼੍ਰੀ ਨੈਨਾ ਦੇਵੀ ਵਿਧਾਨਸਭਾ ਖੇਤਰ ਅਤੇ ਸਵਾਂ ਨਦੀ ਦੇ ਨੇੜੇ ਭਲਾਣ ਅਤੇ ਹੋਰ ਥਾਵਾਂ ਤੱਕ ਵੀ ਸੁਣਿਆ ਗਿਆ। ਇਸ ਘਟਨਾ ਕਰ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਐਸਡੀਐਮ ਨੇ ਵੀ ਧਮਾਕੇ ਦੀ ਅਵਾਜ਼ ਸੁਣਨ ਦੀ ਪੁਸ਼ਟੀ ਕੀਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਸ ਚੀਜ਼ ਦਾ ਹੋਇਆ ਸੀ। ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ।
ਮੌਕੇ ਦੇ ਗਵਾਹਾਂ ਦੇ ਮੁਤਾਬਕ ਮੰਗਲਵਾਰ ਦੇਰ ਸ਼ਾਮ ਅਚਾਨਕ ਨੰਗਲ ਸ਼ਹਿਰ ਵਿਚ ਅਸਮਾਨ ਵਿਚ ਪਹਿਲਾਂ ਫਲਾਇਰ (ਉੱਡਣ) ਵਰਗੀ ਕੋਈ ਚੀਜ਼ ਵਿਖਾਈ ਦਿਤੀ, ਜਿਸ ਵਿਚੋਂ ਨਿਕਲਦੀ ਅਜੀਬ ਜਿਹੀ ਲਾਈਟ ਵੇਖੀ ਗਈ। ਕੁੱਝ ਹੀ ਦੇਰ ਵਿਚ ਤੇਜ਼ ਲਾਈਟ ਦੇ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਪਹਿਲਾਂ ਕਿ ਲੋਕ ਕੁੱਝ ਸਮਝ ਸਕਦੇ ਸ਼ਹਿਰ ਵਿਚ ਦਹਿਸ਼ਤ ਫੈਲ ਗਈ। ਕੋਈ ਇਸ ਨੂੰ ਫਲਾਇਰ ਦੱਸ ਰਿਹਾ ਹੈ ਤਾਂ ਕੋਈ ਇਸ ਨੂੰ ਧੁਮਕੇਤੁ ਦਾ ਧਰਤੀ ਦੇ ਕੋਲ ਦੀ ਹੋ ਕੇ ਲੰਘਣਾ ਦੱਸ ਰਿਹਾ ਹੈ।
ਫ਼ਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਾਰੀਆਂ ਥਾਵਾਂ ‘ਤੇ ਕਾਰਖ਼ਾਨੇ ਸੁਰੱਖਿਅਤ ਹਨ। ਧਮਾਕੇ ਦਾ ਸਮਾਂ ਕਰੀਬ 7.55 ਵਜੇ ਦਾ ਹੈ। ਨੰਗਲ ਦੇ ਨੇੜੇ ਪੱਸੀਵਾਲ ਵਿਚ ਵੀ ਜ਼ੋਰਦਾਰ ਧਮਾਕਾ ਸੁਣਨ ਵਾਲੇ ਐਨਐਫ਼ਐਲ ਦੇ ਕਰਮਚਾਰੀ ਰਾਜੇਸ਼ ਪੱਸੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਵੀ ਦਿਲ ਦਹਿਲਾ ਦੇਣ ਵਾਲਾ ਜ਼ੋਰਦਾਰ ਧਮਾਕਾ ਸੁਣਿਆ ਗਿਆ ਹੈ। ਪਿੰਡਾਂ ਵਿਚ ਦਹਿਸ਼ਤ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਕਾਰਨ ਸ਼੍ਰੀ ਆਨੰਦਪੁਰ ਸਾਹਿਬ ਇਲਾਕੇ ਦੇ ਇਕ ਘਰ ਵਿਚ ਸ਼ੀਸ਼ੇ ਤਿੜਕ ਗਏ।
ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਵੱਖ-ਵੱਖ ਥਾਵਾਂ ਤੋਂ ਲੋਕ ਅਟਕਲਾਂ ਲਗਾ ਰਹੇ ਹਨ। ਧਮਾਕੇ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਲੋਕ ਅਪਣੇ-ਅਪਣੇ ਘਰਾਂ ਦੇ ਬਾਹਰ ਆ ਗਏ। ਦੱਸ ਦਈਏ, ਨੰਗਲ ਸੰਵੇਦਨਸ਼ੀਲ ਖੇਤਰ ਹੈ। ਇੱਥੇ ਭਾਖੜਾ ਨੰਗਲ ਡੈਨ ਹੈ। ਇਸ ਕਾਰਨ ਇਹ ਅਤਿਵਾਦੀਆਂ ਦੇ ਨਿਸ਼ਾਨੇ ‘ਤੇ ਵੀ ਰਹਿੰਦਾ ਹੈ।
ਸ਼੍ਰੀ ਆਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਐਸਡੀਐਮ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਧਮਾਕੇ ਦੀ ਅਵਾਜ਼ ਉਨ੍ਹਾਂ ਨੇ ਵੀ ਸੁਣੀ ਹੈ। ਕਈ ਥਾਵਾਂ ਤੋਂ ਸੂਚਨਾਵਾਂ ਮਿਲੀਆਂ ਹਨ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕੇ ਦਾ ਕਾਰਨ ਕੀ ਹੈ। ਨੁਕਸਾਨ ਦੀ ਵੀ ਕੋਈ ਸੂਚਨਾ ਨਹੀਂ ਹੈ।