
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਸ਼ਹਾਦਤ...
ਸਮਰਾਲਾ (ਸਸਸ) : ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਸ਼ਹਾਦਤ ਉਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਉਤੇ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਜਿੱਥੇ ਇਸ ਪਵਿੱਤਰ ਧਰਤੀ ਉਤੇ ਅਣਗਿਣਤ ਪ੍ਰਕਾਰ ਦੇ ਭੋਜਨ ਦਾ ਲੰਗਰ ਸੰਗਤ ਲਈ ਲਗਾਇਆ ਜਾਂਦਾ ਹੈ। ਉੱਥੇ, ਇਸ ਸ਼ਹੀਦੀ ਜੋੜ ਮੇਲੇ ਉਤੇ ਆਉਣ ਜਾਣ ਵਾਲੀ ਸੰਗਤ ਲਈ ਦੇਸ਼ ਭਰ ਵਿਚ ਸੰਗਠਨ ਅਤੇ ਹੋਰ ਸੰਗਤਾਂ ਲੰਗਰ ਲਗਾਉਂਦੀਆਂ ਹਨ।
ਸਮਰਾਲਾ ਵਿਚ ਇਕ ਧਾਰਮਿਕ ਸੰਗਠਨ ਨੇ ਸ਼ਹੀਦੀ ਜੋੜ ਮੇਲੇ ਦੇ ਪਾਵਨ ਮਹੀਨੇ ਵਿਚ ਨਵੀਂ ਸ਼ੁਰੂਆਤ ਕਰਦੇ ਹੋਏ ਲੰਗਰ ਦੀ ਬਜਾਏ ਗਰੀਬਾਂ ਲਈ ਕੱਪੜਿਆਂ ਦਾ ਮੁਫ਼ਤ ਸਟੋਰ ਖੋਲਿਆ, ਜਿੱਥੇ ਜ਼ਰੂਰਤਮੰਦ ਅਪਣੀ ਜ਼ਰੂਰਤ ਦੇ ਮੁਤਾਬਕ ਬਿਨਾਂ ਕੋਈ ਪੈਸਾ ਦਿਤੇ ਕੱਪੜੇ ਲੈ ਸਕਦੇ ਹਨ। ਇਹ ਸਟੋਰ ਭਾਈ ਦਇਆ ਸਿੰਘ ਗੁਰਮਤਿ ਪਾਠਸ਼ਾਲਾ ਅਤੇ ਸਿਮਰਨ ਅਭਿਆਸ ਕੇਂਦਰ ਸਮਰਾਲੇ ਵਲੋਂ ਖੋਲਿਆ ਗਿਆ ਹੈ। ਇਸ ਧਾਰਮਿਕ ਸੰਗਠਨ ਨੇ ਅਪਣੀ ਇਸ ਸਮਾਜ ਸੇਵੀ ਸ਼ੁਰੂਆਤ ਨੂੰ ਲੈ ਕੇ ਹਲਕੇ ਦੇ ਸਾਰੇ ਪਿੰਡਾਂ ਵਿਚ ਜਾ ਕੇ ਲੋਕਾਂ ਦਾ ਸਹਿਯੋਗ ਮੰਗਿਆ ਅਤੇ ਹਰ ਪਿੰਡ ਤੋਂ ਉਨ੍ਹਾਂ ਨੂੰ ਪੁਰਾਣੇ ਕੱਪੜੇ ਮਿਲ ਰਹੇ ਹਨ।
ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਵੀ ਸਟੋਰ ‘ਤੇ ਆ ਕੇ ਸੰਸਥਾ ਨੂੰ ਸ਼ਾਬਾਸ਼ੀ ਦਿੰਦੇ ਹੋਏ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਉਤੇ ਕੌਂਸਲਰ ਸੰਨੀ ਦੁਆ, ਕੌਂਸਲਰ ਅਵਤਾਰ ਸਿੰਘ, ਕੌਂਸਲਰ ਅਮ੍ਰਤਾ ਪੁਰੀ, ਸਾਬਕਾ ਕੌਂਸਲਰ ਰਣਜੀਤ ਸਿੰਘ ਕੈਂਥ, ਰਿੰਕੂ ਥਾਪਰ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਗੁਰਮੇਲ ਸਿੰਘ, ਜਸਵੀਰ ਸਿੰਘ, ਰਿੱਕੀ ਰਿਐਤ ਵੀ ਮੌਜੂਦ ਰਹੇ। ਸਮਰਾਲਾ ਵਿਚ ਇਕ ਧਾਰਮਿਕ ਸੰਗਠਨ ਨੇ ਸ਼ਹੀਦੀ ਜੋੜ ਮੇਲੇ ਦੇ ਪਵਿੱਤਰ ਮਹੀਨੇ ਵਿਚ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ।
ਅਭਿਆਸ ਕੇਂਦਰ ਦੇ ਮੁੱਖ ਬਾਬਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਦੁਆਰਾ ਖੋਲ੍ਹੇ ਸਟੋਰ ਵਿਚ ਇਕ ਹਫ਼ਤੇ ਵਿਚ 300 ਦੇ ਲਗਭੱਗ ਲੋਕਾਂ ਨੂੰ ਕੱਪੜੇ ਮਿਲ ਚੁੱਕੇ ਹਨ। ਸਵੇਰੇ ਤੋਂ ਲੈ ਕੇ ਰਾਤ 9 ਵਜੇ ਤੱਕ ਸਟੋਰ ਖੁੱਲ੍ਹਾ ਰਹਿੰਦਾ ਹੈ। ਕੋਈ ਵੀ ਜ਼ਰੂਰਤਮੰਦ ਕੱਪੜਾ ਲੈ ਸਕਦਾ ਹੈ ਅਤੇ ਦਾਨ ਦੇਣ ਵਾਲਾ ਉੱਥੇ ਕੱਪੜੇ ਦੇ ਸਕਦਾ ਹੈ। ਬਾਬਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੱਪੜਾ ਇਕੱਠਾ ਕਰਨ ਲਈ ਨਾਲ ਦੇ 20 ਤੋਂ 30 ਪਿੰਡਾਂ ਵਿਚ ਅਨਾਉਂਸਮੈਂਟ ਕਰਵਾਈ ਗਈ ਹੈ ਜਿਸ ਤੋਂ ਬਾਅਦ ਲੋਕਾਂ ਦਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਹੈ।
ਪਿੰਡਾਂ ਵਿਚ ਮੁਨਿਆਦੀ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਪਿੰਡ ਦੀ ਕਿਸੇ ਇਕ ਜਗ੍ਹਾ ਉਤੇ ਕੱਪੜਿਆਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਗੱਡੀ ਭੇਜ ਕੇ ਸਮਰਾਲਾ ਵਿਚੋਂ ਕੱਪੜਿਆਂ ਨੂੰ ਇਕੱਠਾ ਕਰ ਕੇ ਜ਼ਰੂਰਤਮੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੁਆਰਾ ਇਹ ਸਟੋਰ 31 ਜਨਵਰੀ 2019 ਤੱਕ ਖੁੱਲ੍ਹਾ ਰੱਖਿਆ ਜਾਵੇਗਾ। ਇਸ ਸਟੋਰ ਵਿਚ ਸਰਦੀ ਤੋਂ ਬਚਾਵ ਲਈ ਗਰਮ ਕੱਪੜੇ ਲਏ ਜਾ ਸਕਦੇ ਹਨ।