
ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਰਾਹੀਂ ਅਕਾਲੀ ਦਲ....
ਚੰਡੀਗੜ੍ਹ (ਭਾਸ਼ਾ) : ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਰਾਹੀਂ ਅਕਾਲੀ ਦਲ 'ਤੇ ਕਰਾਰੇ ਵਿਅੰਗ ਕੀਤੇ ਜਾ ਰਹੇ ਹਨ | ਆਪਣੇ ਉੱਤੇ ਹੁੰਦੇ ਇਨ੍ਹਾਂ ਹਮਲਿਆਂ ਦਾ ਟਾਕਰਾ ਕਰਨ ਲਈ ਅਕਾਲੀ ਦਲ ਬਾਦਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਟੀਮ ਸਰਗਰਮ ਕੀਤੀ ਹੈ |ਇਹ ਟੀਮ ਅਕਾਲੀ ਦਲ ਬਾਦਲ ਦੇ ਕਿਸੇ ਵੀ ਆਗੂ ਵਿਰੁਧ ਪਈ ਪੋਸਟ 'ਤੇ ਹਮਲਾਵਾਰ ਰੁਖ਼ ਅਖਤਿਆਰ ਕਰਦਿਆਂ ਬੇਹਦ ਹਲਕੇ ਪੱਧਰ ਦੀਆਂ ਟਿਪਣੀਆਂ ਕਰ ਕੇ ਪੋਸਟ ਪਾਉਣ ਵਾਲੇ ਦਾ ਮਨੋਬਲ ਤੋੜਨ ਦਾ ਯਤਨ ਕਰਦੀ ਹੈ ਅਤੇ ਬਹੁਤੀ ਵਾਰ ਗੰਦੀਆਂ ਗਾਲਾਂ ਵੀ ਕਢਦੀ ਹੈ।
ਇਥੇ ਹੀ ਬਸ ਨਹੀਂ ਇਸ ਟੀਮ ਦੇ ਕੰਮ ਵਿਚ ਅਕਾਲੀ ਦਲ ਛੱਡ ਕੇ ਗਏ ਆਗੂਆਂ ਬਾਰੇ ਅਜਿਹੀਆਂ ਟਿਪਣੀਆਂ ਕਰਨਾ ਵੀ ਸ਼ਾਮਲ ਹੈ ਜੋ ਪੜ੍ਹ ਕੇ ਹਰ ਕੋਈ ਇਹ ਸੋਚਣ 'ਤੇ ਮਜਬੂਰ ਹੋ ਜਾਂਦਾ ਹੈ ਕਿ ਇਸ ਆਗੂ ਨੇ ਅਕਾਲੀ ਦਲ ਨੂੰ ਛੱਡ ਕੇ ਬੜੀ ਭਾਰੀ ਗ਼ਲਤੀ ਕੀਤੀ ਹੈ। ਅਕਾਲੀ ਦਲ ਦੇ ਨਾਮ ਨਾਲ ਵੱਖ-ਵੱਖ ਨਾਮ ਜੋੜ ਕੇ ਬਣੀਆਂ ਇਹ ਟੀਮਾਂ ਬੇਹਦ ਹਲਕੀਆਂ ਟਿਪਣੀਆਂ ਕਰ ਕੇ ਅਕਾਲੀ ਦਲ ਵਿਰੁਧ ਬੋਲਣ ਵਾਲੇ ਨੂੰ ਜਵਾਬ ਤਾਂ ਦਿੰਦੀਆਂ ਹਨ ਪਰ ਉਸ ਦਾ ਅਸਰ ਆਮ ਲੋਕਾਂ 'ਤੇ ਉਲਟ ਪੈ ਰਿਹਾ ਹੈ। ਅਕਾਲੀ ਦਲ ਵਿਰੁਧ ਸੋਸ਼ਲ ਸਾਈਟਾਂ 'ਤੇ ਕੀਤੀਆਂ ਟਿਪਣੀਆਂ ਦੇ ਜਵਾਬ ਵਿਚ ਇਹ ਟੀਮਾਂ ਜਿਸ ਤਰ੍ਹਾਂ ਨਾਲ ਜਵਾਬ ਦਿੰਦੀਆਂ ਹਨ।
ਉਸ ਨਾਲ ਅਕਾਲੀ ਦਲ ਪ੍ਰਤੀ ਲੋਕਾਂ ਦਾ ਰੋਹ ਤੇ ਰੋਸ ਵਧਦਾ ਹੈ। ਸੋਸ਼ਲ ਸਾਈਟਾਂ 'ਤੇ ਇਹ ਹਮਲਾਵਾਰ ਟੀਮਾਂ ਨਾਲ ਮਾਹੌਲ ਤਲਖ਼ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਤਨਖ਼ਾਹ ਤੇ ਰਖੇ ਗਾਲੀ ਗਲੋਚ ਦਸਤੇ ਵਿਚ ਇਕ ਹਜ਼ਾਰ ਤੋਂ ਵੱਧ ਨੌਜਵਾਨ ਭਰਤੀ ਕੀਤੇ ਗਏ ਹਨ ਜਿਨ੍ਹਾਂ ਦਾ ਕੰਮ ਕੇਵਲ ਬਾਦਲਾਂ ਵਿਰੁਧ ਮੂੰਹ ਖੋਲ੍ਹਣ ਤੋਂ ਰੋਕਣਾ ਤੇ ਬਦਨਾਮ ਕਰਨਾ ਹੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ ਵੇਖ ਕੇ ਪਤਾ ਚਲ ਜਾਂਦਾ ਹੈ ਕਿ 'ਅਕਾਲੀ ਦਲ' ਹੁਣ ਕਿੰਨਾ ਕੁ 'ਪੰਥਕ' ਰਹਿ ਗਿਆ ਹੈ।