
ਫ਼ਾਰਗ ਸਿਖਿਆ ਕਰਮੀਆਂ ਦੀਆਂ 8 ਬੀਬੀਆਂ 'ਤੇ ਅਦਾਲਤੀ ਕੇਸ ਪਾਏ ਗਏ ਸਨ ਜਿਨ੍ਹਾਂ ਨੂੰ ਅੱਜ ਅਦਾਲਤ ਵਲੋਂ ਰਾਹਤ ਦਿਤੀ ਗਈ.........
ਸ੍ਰੀ ਅਨੰਦਪੁਰ ਸਾਹਿਬ : ਫ਼ਾਰਗ ਸਿਖਿਆ ਕਰਮੀਆਂ ਦੀਆਂ 8 ਬੀਬੀਆਂ 'ਤੇ ਅਦਾਲਤੀ ਕੇਸ ਪਾਏ ਗਏ ਸਨ ਜਿਨ੍ਹਾਂ ਨੂੰ ਅੱਜ ਅਦਾਲਤ ਵਲੋਂ ਰਾਹਤ ਦਿਤੀ ਗਈ ਤੇ ਕੇਸ ਰੱਦ ਕਰ ਦਿਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਪ੍ਰਧਾਨ ਚੰਚਲ ਨੇ ਦਸਿਆ ਕਿ ਤਿੰਨ ਸਾਲ ਬੇਕਸੂਰ ਹੁੰਦੇ ਹੋਏ ਅਸੀਂ ਅਦਾਲਤ ਵਿਚ ਧੱਕੇ ਖਾਣ ਨੂੰ ਮਜਬੂਰ ਹੋਈਆਂ ਕਿਉਂਕਿ ਸਾਡੇ ਤੇ ਅਕਾਲੀ ਭਾਜਪਾ ਸਰਕਾਰ ਸਮੇਂ ਝੂਠੇ ਕੇਸ ਪਾਏ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਭਾਵੇਂ ਸੁਖਬੀਰ ਸਿੰਘ ਬਾਦਲ ਤੇ ਡਾ:ਦਲਜੀਤ ਸਿੰਘ ਚੀਮਾ ਗੁਰੂ ਘਰ ਜਾ ਕੇ ਮਾਫ਼ੀਆਂ ਮੰਗ ਰਹੇ ਹਨ ਪਰ ਉਨ੍ਹਾਂ ਸਾਡੇ ਨਾਲ ਜੋ ਧੱਕਾ ਕੀਤਾ ਰੱਬ ਵੀ ਉਨ੍ਹਾਂ ਨੂੰ ਮਾਫ਼ ਨਹੀ ਕਰੇਗਾ।
ਚੰਚਲ ਨੇ ਦਸਿਆ ਕਿ ਜਿਨ੍ਹਾਂ ਲੜਕੀਆਂ 'ਤੇ ਕੇਸ ਪਾਏ ਗਏ ਸਨ ਉਨ੍ਹਾਂ ਵਿਚ ਕੰਵਲਜੀਤ ਕੌਰ, ਚਰਨਜੀਤ ਕੌਰ, ਮਮਤਾ ਬਾਲੀ, ਜਸਵੀਰ ਕੌਰ, ਹਰਦੀਪ ਕੌਰ, ਸੁਮਨ ਬਾਲਾ, ਸਨੇਹ ਲਤਾ, ਕੁਲਵੀਰ ਕੌਰ ਸ਼ਾਮਲ ਸਨ। ਉਨ੍ਹਾਂ ਕਿਹਾ ਅਕਾਲੀ-ਭਾਜਪਾ ਸਰਕਾਰ ਨੇ ਸਾਡੇ ਸੰਘਰਸ਼ ਨੂੰ ਫ਼ੇਲ੍ਹ ਕਰਨ ਲਈ ਸਾਡੀਆਂ 8 ਲੜਕੀਆਂ 'ਤੇ ਝੂਠੇ ਕੇਸ ਪਾਏ ਸਨ ਜਦੋਂ ਕਿ ਉਸ ਸਮੇਂ ਸਾਡੇ ਸੰਘਰਸ਼ ਵਿਚ ਬੈਠ ਕੇ ਕਾਂਗਰਸੀ ਆਗੂਆਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ।