
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਹਾਈਕੋਰਟ ਵਲੋਂ ਸਿੱਖ ਕਤਲੇਆਮ......
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਹਾਈਕੋਰਟ ਵਲੋਂ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਰਾਜੀਵ ਗਾਂਧੀ ਦੇ ਸੱਜੇ ਹੱਥ ਵਜੋਂ ਜਾਣੇ ਜਾਂਦੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਨਾਲ 1984 'ਚ ਹੋਏ ਨਿਰਦੋਸ਼ ਸਿੱਖਾਂ ਦੇ ਕਤਲੇਆਮ ਪਿਛੇ ਕਾਂਗਰਸ ਦਾ ਹੱਥ ਪੂਰੀ ਤਰ੍ਹਾਂ ਸਾਬਿਤ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ 1984 ਵਿਚ ਦਿੱਲੀ ਦੀਆਂ ਗਲੀਆਂ ਅੰਦਰ ਸਿੱਖ ਕਤਲੇਆਮ ਦੀ ਵਿਉਂਤਬੰਦੀ ਕਾਂਗਰਸ ਅਤੇ ਗਾਂਧੀ ਪਰਵਾਰ ਨੇ ਘੜੀ ਸੀ ਅਤੇ ਇਸ ਨੂੰ ਅਮਲੀਜਾਮਾ ਪਹਿਣਾਇਆ ਸੀ।
ਸੁਖਬੀਰ ਨੇ ਕਿਹਾ ਕਿ ਇਸ ਘਿਨਾਉਣੇ ਕਾਰੇ 'ਚ ਸ਼ਾਮਲ ਰਹੇ ਸੀਨੀਅਰ ਕਾਂਗਰਸੀ ਆਗੂਆਂ ਦੀ ਗਾਂਧੀ ਪਰਵਾਰ ਵਲੋਂ ਪੁਸ਼ਤਪਨਾਹੀ ਕੀਤੀ ਜਾਂਦੀ ਰਹੀ ਹੈ ਤੇ ਹੁਣ ਅਦਾਲਤਾਂ ਨੇ ਵੀ ਇਹ ਕਹਿ ਦਿਤਾ ਹੈ। ਸੁਖਬੀਰ ਨੇ ਕਿਹਾ ਕਿ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਸਮੇਤ ਸਾਰੇ ਕਾਂਗਰਸੀਆਂ ਨੂੰ ਅਪਣੇ ਜੁਰਮਾਂ ਦਾ ਹਿਸਾਬ ਦੇਣਾ ਪਵੇਗਾ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਦੀ ਰੋਸ਼ਨੀ ਵਿਚ ਗਾਂਧੀ ਪਰਵਾਰ ਲਈ ਲਾਜ਼ਮੀ ਹੋ ਗਿਆ ਹੈ ਕਿ ਉਹ ਸੱਚ ਦੱਸੇ ਅਤੇ ਇਸ ਗੱਲ ਦਾ ਪ੍ਰਗਟਾਵਾ ਕਰੇ ਕਿ ਉਸ ਨੇ ਨਿਰਦੋਸ਼ਾਂ ਨੂੰ ਕਤਲ ਕਰਨ ਵਾਲੇ ਖਤਰਨਾਕ ਅਪਰਾਧੀਆਂ ਨੂੰ ਅਪਣੇ ਵਿਚਕਾਰ ਕਿਉਂ ਰੱਖਿਆ ਸੀ?
ਬਾਦਲ ਨੇ ਕਿਹਾ ਕਿ ਇਕ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਸਜ਼ਾ ਦਿਤੀ ਜਾ ਚੁੱਕੀ ਹੈ ਤਾਂ ਕਾਂਗਰਸ ਵਲੋਂ ਇਕ ਦੂਜੇ ਦੋਸ਼ੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ। ਸੁਖਬੀਰ ਨੇ ਕਿਹਾ ਕਿ ਮਸ਼ਹੂਰ ਪੱਤਰਕਾਰ ਨੇ ਇਕ ਚਸ਼ਮਦੀਦ ਗਵਾਹ ਦੇ ਹਵਾਲੇ ਨਾਲ ਦਸਿਆ ਹੈ ਕਿ 1984 ਵਿਚ ਦਿੱਲੀ ਦੇ ਰਕਾਬਗੰਜ ਗੁਰਦੁਆਰੇ ਦੇ ਨੇੜੇ ਜਦੋਂ ਸਿੱਖ ਨੌਜਵਾਨਾਂ ਨੂੰ ਜਿਉਂਦੇ ਸਾੜਿਆ ਜਾ ਰਿਹਾ ਸੀ ਤਾਂ ਕਮਲ ਨਾਥ ਉਥੇ ਅਪਣੀ ਕਾਰ ਕੋਲ ਖੜ੍ਹਿਆ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਕਾਂਗਰਸ ਨੇ ਕਮਲ ਨਾਥ ਨੂੰ ਇਸ ਢੰਗ ਨਾਲ ਇਨਾਮ ਦਿਤਾ ਹੈ।