
ਪਟਿਆਲਾ ਪੁਲਿਸ ਨੇ ਰਾਜਪੁਰਾ ਨੇੜੇ ਬੀਤੀ 18 ਨਵੰਬਰ ਨੂੰ ਸਨਸਨੀਖ਼ੇਜ਼ ਢੰਗ ਨਾਲ ਕਤਲ ਕੀਤੇ ਸੇਵਾ ਮੁਕਤ ਐਸ.ਈ....
ਪਟਿਆਲਾ, 19 ਦਸੰਬਰ (ਧਰਮਿੰਦਰ ਪਾਲ ਸਿੰਘ, ਅਸ਼ੋਕ ਬਾਂਸਲ) : ਪਟਿਆਲਾ ਪੁਲਿਸ ਨੇ ਰਾਜਪੁਰਾ ਨੇੜੇ ਬੀਤੀ 18 ਨਵੰਬਰ ਨੂੰ ਸਨਸਨੀਖ਼ੇਜ਼ ਢੰਗ ਨਾਲ ਕਤਲ ਕੀਤੇ ਸੇਵਾ ਮੁਕਤ ਐਸ.ਈ. ਸਵਰਨ ਸਿੰਘ ਦੇ ਅੰਨ੍ਹੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਕੇ ਮੁੱਖ ਸਾਜਸ਼ਕਾਰ ਸਮੇਤ 2 ਭਾੜੇ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਤਰ੍ਹਾਂ ਪਟਿਆਲਾ ਪੁਲਿਸ ਨੇ ਕਰੀਬ 5 ਮਹੀਨਿਆਂ 'ਚ ਇਹ 15ਵੇਂ ਅੰਨ੍ਹੇ ਕਤਲ ਮਾਮਲੇ ਨੂੰ ਹੱਲ ਕਰਕੇ ਪੰਜਾਬ 'ਚ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਪੁਲਿਸ ਲਾਈਨ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਦਿਤੀ। ਉਨ੍ਹਾਂ ਦਸਿਆ ਕਿ ਇਸ ਕਤਲ ਦਾ ਮੁੱਖ ਸਾਜ਼ਸ਼ਕਾਰ 41 ਸਾਲਾ ਜਗਤਾਰ ਸਿੰਘ 10ਵੀਂ ਪਾਸ ਤੇ 2008 'ਚ ਕੇਵਲ ਡੇਢ ਕਿੱਲੇ ਦਾ ਮਾਲਕ ਸੀ ਪਰੰਤੂ ਹੁਣ ਬਹੁਤ ਧੰਨ ਦੌਲਤ ਦਾ ਮਾਲਕ ਤੇ ਐਸ਼ੋ-ਇਸ਼ਰਤ ਨਾਲ ਰਹਿਣ ਦਾ ਆਦੀ ਸੀ, ਜਿਸ ਕੋਲੋਂ ਵੱਡੀ ਗਿਣਤੀ 'ਚ ਲਗਜ਼ਰੀ ਗੱਡੀਆਂ ਤੇ ਵੱਡੇ ਟ੍ਰੈਕਟਰ ਤੇ ਹੋਰ ਵਾਹਨ ਬਰਾਮਦ ਕੀਤੇ ਗਏ ਹਨ। ਸ. ਸਿੱਧੂ ਨੇ ਦਸਿਆ ਕਿ ਸਵਰਨ ਸਿੰਘ ਪੰਜਾਬ ਦੇ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਵਰੁਣ ਰੂਜਮ ਦੇ ਸਹੁਰਾ ਲੱਗਦੇ ਸਨ ।
ਉਨ੍ਹਾਂ ਕਿਹਾ ਕਿ ਇਸ ਕਤਲ ਦਾ ਸਾਜ਼ਸ਼ਕਾਰ ਸਵਰਨ ਸਿੰਘ ਦਾ ਜਾਣਕਾਰ ਹੀ ਸੀ ਤੇ ਉਸਨੇ ਜਮੀਨ ਖਰੀਦਣ ਲਈ ਸਵਰਨ ਸਿੰਘ ਵਲੋਂ ਦਿਤੇ ਕਰੀਬ 4 ਕਰੋੜ ਰੁਪਏ ਤੇ ਉਸ ਦੇ ਇਕ ਹੋਰ ਕਰੀਬੀ ਰਿਸ਼ਤੇਦਾਰ ਦੇ ਡੇਢ ਕਰੋੜ ਰੁਪਏ ਵਾਪਸ ਕਰਨ ਤੋਂ ਟਲਦਿਆਂ ਇਸ ਕਤਲ ਦੀ ਸਾਜ਼ਸ਼ ਰਚੀ। ਉਨ੍ਹਾਂ ਦਸਿਆ ਕਿ ਜਗਤਾਰ ਸਿੰਘ ਮਨ ਦਾ ਬੇਈਮਾਨ ਹੋਣ ਕਰ ਕੇ ਪੁਲਿਸ ਨੂੰ ਗੁੰਮਰਾਹ ਕਰ ਕੇ ਕੀਤੀ ਜਾ ਰਹੀ ਤਫ਼ਤੀਸ਼ ਨੂੰ ਵੀ ਗ਼ਲਤ ਪਾਸੇ ਮੋੜਨ ਦੇ ਯਤਨ ਕਰਦਾ ਰਿਹਾ ਸੀ। ਸ. ਸਿੱਧੂ ਨੇ ਦਸਿਆ ਕਿ ਇਸ ਕੇਸ ਨੂੰ ਹੱਲ ਕਰਨ ਵਾਲੀ ਟੀਮ ਦੀ ਅਗਵਾਈ ਉਨ੍ਹਾਂ ਨੇ ਖ਼ੁਦ ਕੀਤੀ ਤੇ ਇਸ ਦੀ ਨਿਗਰਾਨੀ ਐਸ.ਪੀ. ਜਾਂਚ ਸ. ਮਨਜੀਤ ਸਿੰਘ ਬਰਾੜ ਕਰ ਰਹੇ ਸਨ।