
ਅੱਜ ਦੁਪਹਿਰ ਨੂੰ ਸੁਣਾਈ ਜਾਵੇਗੀ ਸਜ਼ਾ
ਨਵੀਂ ਦਿੱਲੀ : ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਇਥੋਂ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਯਸ਼ਪਾਲ ਸਿੰਘ ਤੇ ਨਰੇਸ਼ ਸਹਿਰਾਵਤ ਨੂੰ ਦੋਸ਼ੀ ਐਲਾਨ ਦਿਤਾ ਹੈ ਜਿਨ੍ਹਾਂ ਨੂੰ ਕਲ ਦੁਪਹਿਰ 2 ਵਜੇ ਦੇ ਕਰੀਬ ਸਜ਼ਾ ਸੁਣਾਈ ਜਾਵੇਗੀ। ਜੱਜ ਅਜੇ ਪਾਂਡੇ ਨੇ ਦੋਹਾਂ ਦੋਸ਼ੀਆਂ ਨੂੰ ਤਿਹਾੜ ਜੇਲ ਭੇਜ ਦਿਤਾ ਹੈ।
ਅੱਜ ਤੋਂ 34 ਸਾਲ ਪਹਿਲਾਂ ਨਵੰਬਰ 1984 ਵਿਚ ਭੂਤਰੀਆਂ ਭੀੜਾਂ ਨੇ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿਚ ਫ਼ੌਜੀ ਅਵਤਾਰ ਸਿੰਘ ਤੇ ਸ.ਹਰਦੇਵ ਸਿੰਘ ਨੂੰ ਕਤਲ ਕਰ ਦਿਤਾ ਸੀ ਜਦਕਿ ਸੰਗਤ ਸਿੰਘ ਤੇ ਕੁਲਦੀਪ ਸਿੰਘ ਨੂੰ ਜ਼ਖ਼ਮਖੀ ਕਰ ਕੇ, ਇਨ੍ਹਾਂ ਦੀਆਂ ਦੁਕਾਨਾਂ ਦੀ ਸਾੜ ਫੂਕ ਕੀਤੀ ਗਈ ਸੀ।
ਮੋਦੀ ਸਰਕਾਰ ਵਲੋਂ 2015 ਵਿਚ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਹ ਮਾਮਲਾ ਚੁਕਣ ਤੋਂ ਬਾਅਦ ਇਸ ਨੂੰ ਖੋਲ੍ਹਿਆ ਗਿਆ ਤੇ ਅਦਾਲਤੀ ਕਾਰਵਾਈ ਸ਼ੁਰੂ ਹੋਈ। ਵੇਰਵਿਆਂ ਮੁਤਾਬਕ ਮ੍ਰਿਤਕ ਸ.ਹਰਦੇਵ ਸਿੰਘ ਦੇ ਵੱਡੇ ਭਰਾ ਸ.ਸੰਤੋਖ ਸਿੰਘ ਨੇ 9 ਸਤੰਬਰ 1985 ਨੂੰ ਜਸਟਿਸ ਰੰਗਾਨਾਥ ਮਿਸ਼ਰਾ ਕਮਿਸ਼ਨ ਕੋਲ ਹਲਫ਼ਨਾਮਾ ਦੇ ਕੇ, ਅਪਣੇ ਭਰਾ ਹਰਦੇਵ ਸਿੰਘ ਤੇ ਗੁਆਂਢੀ ਅਵਤਾਰ ਸਿੰਘ ਨੂੰ ਭੀੜਾਂ ਵਲੋਂ ਕਤਲ ਕਰਨ ਤੇ ਉਸ ਦੇ ਕਾਤਲਾਂ ਬਾਰੇ ਦਸਿਆ ਗਿਆ ਸੀ।
ਦੋਸ਼ ਹੈ ਕਿ ਦੋਹਾਂ ਦੋਸ਼ੀਆਂ ਨੇ ਉਦੋਂ ਚਸ਼ਮਦੀਦ ਗਵਾਹ ਸ.ਸੰਤੋਖ ਸਿੰਘ ਨੂੰ ਬੰਦੂਕ ਦੀ ਨੋਕ 'ਤੇ ਡਰਾਅ ਧਮਕਾਅ ਕੇ ਚੁੱਪ ਕਰਵਾ ਦਿਤਾ ਸੀ। ਫਿਰ ਜਸਟਿਸ ਜੇ.ਡੀ.ਜੈਨ ਤੇ ਜਸਟਿਸ ਡੀ.ਕੇ. ਅਗਰਵਾਲ ਦੀ ਕਮੇਟੀ ਦੀ ਸਿਫ਼ਾਰਸ਼ ਦੇ ਆਧਾਰ 'ਤੇ ਕਤਲੇਆਮ ਦੇ 9 ਸਾਲ ਬੀਤਣ ਮਗਰੋਂ 20 ਅਪ੍ਰੈਲ 1993 ਨੂੰ ਐਫ਼ਆਈਆਰ ਨੰਬਰ 141 ਦਰਜ ਕੀਤੀ ਗਈ ਸੀ। ਅਦਾਲਤੀ ਫ਼ੈਸਲੇ ਪਿਛੋਂ ਪੱਤਰਕਾਰ ਮਿਲਣੀ ਦੌਰਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤ ਦੇ ਫ਼ੈਸਲੇ ਨੂੰ ਇਤਿਹਾਸਕ ਦਸਦੇ ਹੋਏ
ਕਿਹਾ ਕਿ ਮ੍ਰਿਤਕ ਸ.ਹਰਦੇਵ ਸਿੰਘ ਦੇ ਭਰਾਵਾਂ ਨੇ ਪੂਰੀ ਨਿਡਰਤਾ ਨਾਲ ਇਸ ਮਾਮਲੇ ਵਿਚ ਗਵਾਹੀ ਦਿਤੀ ਹੈ ਤੇ ਦਿੱਲੀ ਕਮੇਟੀ ਵਲੋਂ ਪੂਰੀ ਕਾਨੂੰਨੀ ਸਹਾਇਤਾ ਦਿਤੀ ਗਈ, ਜਿਸ ਕਾਰਨ ਅੱਜ ਦੋਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਹੈ। ਉਨ੍ਹਾਂ ਇਸ ਮਾਮਲੇ ਵਿਚ ਦਿੱਲੀ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਸ.ਜਸਵਿੰਦਰ ਸਿੰਘ ਜੌਲੀ ਦੇ ਰੋਲ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਦੋਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਜਾਵੇ।