
20-21 ਦਸੰਬਰ ਤਕ ਮੀਂਹ ਦੀ ਸੰਭਾਵਨਾ, 23 ਤੋਂ ਬਾਅਦ ਪਾਰਾ ਹੋਰ ਹੇਠਾਂ ਜਾਵੇਗਾ
ਰਾਜਾਸਾਂਸੀ (ਪਪ) : ਅੱਜ ਸੂਬੇ ਦੇ ਸਰਹੱਦੀ ਖੇਤਰ 'ਚ ਛਾਈ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਸ ਧੁੰਦ ਕਾਰਨ ਸ਼ੀਤ ਲਹਿਰ 'ਚ ਚੋਖਾ ਵਾਧਾ ਹੋਇਆ ਹੈ ਅਤੇ ਲੋਕ ਠਰੂ-ਠਰੂ ਕਰਦੇ ਨਜ਼ਰ ਆ ਰਹੇ ਹਨ। ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਕਾਫੀ ਮੱਠੀ ਪੈ ਗਈ ਹੈ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਤੇ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Weather
ਸੰਘਣੀ ਧੁੰਦ ਅਤੇ ਮੌਸਮ ਦੀ ਖ਼ਰਾਬੀ ਕਾਰਨ ਬੀਤੀ ਰਾਤ ਤੋਂ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੇਸ਼-ਵਿਦੇਸ਼ਾਂ ਤੋਂ ਕੋਈ ਉਡਾਣ ਨਹੀਂ ਪੁੱਜੀ। ਇਸ ਕਾਰਨ ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
weather
ਦੂਜੇ ਪਾਸੇ ਇਹ ਖ਼ਬਰਾਂ ਵੀ ਮਿਲ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਮਿਜਾਜ਼ ਹੋਰ ਵਿਗੜੇਗਾ ਕਿਉਂਕਿ 20-21 ਦਸੰਬਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਗਰ ਅਜਿਹਾ ਹੁੰਦਾ ਹੈ ਤਾਂ 23 ਦਸੰਬਰ ਤੋਂ ਬਾਅਦ ਪਾਰਾ ਹੋਰ ਹੇਠਾਂ ਡਿੱਗੇਗਾ। ਮੌਸਮ ਵਿਭਾਗ ਦੇ ਸੂਤਰ ਦਸਦੇ ਹਨ ਕਿ ਇਸ ਵਾਰ ਇਸ ਖਿੱਤੇ 'ਚ ਪਿਛਲੇ 27 ਸਾਲ ਦਾ ਰਿਕਾਰਡ ਟੁੱਟ ਗਿਆ ਹੈ।
Weather
ਫ਼ਰੀਦਕੋਟ ਸੱਭ ਤੋਂ ਠੰਢਾ ਰਿਹਾ
ਚੰਡੀਗੜ੍ਹ 18 ਦਸੰਬਰ: ਪੰਜਾਬ ਅਤੇ ਹਰਿਆਣਾ ਵਿਚ ਠੰਢ ਦਾ ਕਹਿਰ ਬਰਕਰਾਰ ਹੈ। ਬੁਧਵਾਰ ਨੂੰ ਘੱਟੋ ਘੱਟ ਤਾਪਮਾਨ ਵਿਚ ਕਈ ਡਿਗਰੀਆਂ ਦੀ ਕਮੀ ਦਰਜ ਕੀਤੀ ਗਈ। ਦੋਹਾਂ ਰਾਜਾਂ ਵਿਚ ਸੱਭ ਤੋਂ ਘੱਟ ਤਾਪਮਾਨ ਨਾਰਨੌਲ ਵਿਚ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ, ਅੰਬਾਲਾ, ਹਿਸਾਰ, ਕਰਨਾਲ, ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿਚ ਕੋਹਰੇ ਕਾਰਨ ਆਵਾਜਾਈ ਵਿਚ ਭਾਰੀ ਅੜਿੱਕਾ ਪਿਆ।
weather
ਮੌਸਮ ਵਿਗਿਆਨ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਦੇ ਨਾਰਨੌਲ ਵਿਚ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ ਯਾਨੀ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਰੀਦਕੋਟ ਵਿਚ 3.6 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਜੋ ਪੰਜਾਬ ਵਿਚ ਸੱਭ ਤੋਂ ਘੱਟ ਸੀ। ਅੰਮ੍ਰਿਤਸਰ ਵਿਚ 6.4, ਆਦਮਪੁਰ ਵਿਚ ਛੇ, ਹਲਵਾਰਾ ਵਿਚ 7.2, ਬਠਿੰਡਾ ਵਿਚ 5.7, ਲੁਧਿਆਣਾ ਵਿਚ 7.6, ਗੁਰਦਾਸਪੁਰ ਵਿਚ 7.1 ਅਤੇ ਪਟਿਆਲਾ ਵਿਚ ਅੱਠ ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।